ਯੂਕ੍ਰੇਨ: ਓਡੇਸਾ 'ਚ ਰੂਸੀ ਮਿਜ਼ਾਈਲ ਹਮਲੇ 'ਚ 2 ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ
Friday, Jul 01, 2022 - 02:33 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਵਿੱਚ ਸ਼ੁੱਕਰਵਾਰ ਤੜਕੇ ਰਿਹਾਇਸ਼ੀ ਇਮਾਰਤਾਂ ਉੱਤੇ ਰੂਸੀ ਮਿਜ਼ਾਈਲ ਹਮਲਿਆਂ ਵਿੱਚ 2 ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਰੂਸੀ ਫੌਜਾਂ ਵੀਰਵਾਰ ਨੂੰ ਕਾਲੇ ਸਾਗਰ ਦੇ ਇੱਕ ਪ੍ਰਮੁੱਖ ਟਾਪੂ, ਸਨੇਕ ਆਈਲੈਂਡ ਤੋਂ ਪਿੱਛੇ ਹਟ ਗਈਆਂ। ਹਮਲੇ ਦੇ ਵੀਡੀਓ ਵਿੱਚ ਓਡੇਸਾ ਵਿੱਚ ਇਮਾਰਤਾਂ ਦਾ ਮਲਬਾ ਦਿਖਾਇਆ ਗਿਆ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲ ਤਿਮੋਸ਼ੇਨਕੋ ਨੇ ਕਿਹਾ ਕਿ 2 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਓਡੇਸਾ ਦੀ ਖੇਤਰੀ ਸਰਕਾਰ ਦੇ ਬੁਲਾਰੇ ਸੇਰਹੀ ਬ੍ਰਾਤਚੁਕ ਨੇ ਕਿਹਾ ਕਿ 30 ਹੋਰ ਜ਼ਖ਼ਮੀ ਹੋਏ ਹਨ। ਯੂਕ੍ਰੇਨੀ ਮੀਡੀਆ ਨੇ ਕਿਹਾ ਕਿ ਮਿਜ਼ਾਈਲ ਹਮਲੇ ਦਾ ਨਿਸ਼ਾਨਾ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਅਤੇ ਇੱਕ ਮਨੋਰੰਜਨ ਖੇਤਰ ਸੀ। ਹਮਲੇ ਤੋਂ ਇੱਕ ਦਿਨ ਪਹਿਲਾਂ ਰੂਸੀ ਫੌਜਾਂ ਸਨੇਕ ਆਈਲੈਂਡ ਤੋਂ ਪਿੱਛੇ ਹਟ ਗਈਆਂ, ਜਿਸ ਨਾਲ ਯੂਕ੍ਰੇਨ ਦੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਓਡੇਸਾ ਲਈ ਖ਼ਤਰਾ ਘੱਟ ਹੋ ਗਿਆ ਹੈ। ਹਾਲਾਂਕਿ ਰੂਸੀ ਫੌਜੀ ਪੂਰਬੀ ਲੁਹਾਂਸਕ ਸੂਬੇ ਨੂੰ ਘੇਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਨੇ ਸਨੇਕ ਆਈਲੈਂਡ ਤੋਂ ਫੌਜਾਂ ਦੀ ਵਾਪਸੀ ਨੂੰ "ਸਦਭਾਵਨਾ ਸੰਕੇਤ" ਕਰਾਰ ਦਿੱਤਾ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਆਦਿਲ ਅਲਤਾਫ ਨੇ ਸਾਈਕਲਿੰਗ ’ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ