ਧਰਤੀ ਵੱਲ 55000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆ ਰਿਹੈ ਐਸਟ੍ਰਾਈਡ

02/14/2020 7:53:33 PM

ਵਾਸ਼ਿੰਗਟਨ (ਏਜੰਸੀਆਂ)–ਅਮਰੀਕਨ ਸਪੇਸ ਏਜੰਸੀ ਨਾਸਾ ਨੇ ਧਰਤੀ ਵੱਲ ਤੇਜ਼ੀ ਨਾਲ ਵੱਧ ਰਹੇ ਵਿਸ਼ਾਲ ਆਕਾਰ ਦੇ ਐਸਟ੍ਰਾਈਡ ਦੀ ਪੁਸ਼ਟੀ ਕੀਤੀ ਹੈ। ਬੁਰਜ ਖਲੀਫਾ ਦੇ ਸਾਈਜ਼ ਦਾ ਇਹ ਐਸਟ੍ਰਾਈਡ ਧਰਤੀ ਵੱਲ 55000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟ (ਸੀ. ਐੱਨ. ਈ. ਓ. ਐੱਸ.) ਦੇ ਮੁਤਾਬਿਕ ਇਹ ਬੇਹੱਦ ਖਤਰਨਾਕ ਐਸਟ੍ਰਾਈਡ ਸ਼ਨੀਵਾਰ ਨੂੰ ਸ਼ਾਮ 5 ਵਜੇ (ਭਾਰਤੀ ਸਮੇਂ ਮੁਤਾਬਕ) ਧਰਤੀ ਦੇ ਰਸਤੇ ’ਚ ਆਵੇਗਾ।
ਨਾਸਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੇ ਐਸਟ੍ਰਾਈਡਾਂ ਨੂੰ ਅਸੀਂ ਪੋਟੈਂਸ਼ਲੀ ਹਜਾਈਸ ਐਸਟ੍ਰਾਈਡ (ਪੀ.ਐੱਚ.ਏ.) ਮੰਨਦੇ ਹਾਂ, ਜਿਨ੍ਹਾਂ ਦੇ ਧਰਤੀ ਨਾਲ ਟਕਰਾਉਣ ਜਾਂ ਉਸ ਦੇ ਕੋਲੋ ਲੰਘਣ ਦਾ ਖਦਸ਼ਾ ਹੁੰਦਾ ਹੈ। ਦੁਬਈ ਦੀ ਬੁਰਜ ਖਲੀਫਾ ਇਮਾਰਤ ਦੇ ਸਾਈਜ਼ ਦਾ ਇਹ ਐਸਟ੍ਰਾਈਡ ਸਾਡੀ ਧਰਤੀ ਦੇ 57 ਲੱਖ ਕਿਲੋਮੀਟਰ ਦੂਰ ਤੋਂ ਲੰਘੇਗਾ।

ਕਈ ਪ੍ਰਮਾਣੂ ਬੰਬਾਂ ਜਿੰਨੀ ਮਚਾ ਸਕਦੈ ਤਬਾਹੀ
ਇਸ ਦੀ ਰਫਤਾਰ ਅਤੇ ਸਾਈਜ਼ ਦੀ ਗੱਲ ਕਰੀਏ ਤਾਂ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਜੇ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਕਈ ਪ੍ਰਮਾਣੂ ਬੰਬਾਂ ਜਿੰਨੀ ਤਬਾਹੀ ਮਚਾ ਸਕਦਾ ਹੈ। ਨਾਸਾ ਨੇ ਇਸ ਐਸਟ੍ਰਾਈਡ ਦਾ ਨਾਂ 2002-ਪੀ.ਜ਼ੈੱਡ39 ਰੱਖਿਆ ਹੈ।

ਐਸਟ੍ਰਾਈਡ ਦੇ ਧਰਤੀ ਵੱਲ ਆਉਣ ਦੀਆਂ ਖਬਰਾਂ ਨਾਲ ਲੋਕਾਂ ’ਚ ਬੈਠਾ ਡਰ
ਕਿਸੇ ਐਸਟ੍ਰਾਈਡ ਦੇ ਧਰਤੀ ਦੇ ਕੋਲੋਂ ਲੰਘਣ ਦੀਆਂ ਖਬਰਾਂ ਨੇ ਆਮ ਲੋਕਾਂ ’ਚ ਵੀ ਡਰ ਪੈਦਾ ਕਰ ਦਿੱਤਾ। ਯੂਜ਼ਰ ਨੇ ਟਵਿਟਰ ’ਤੇ ਨਾਸਾ ਨੂੰ ਟੈਗ ਕਰ ਕੇ ਪੁੱਛਿਆ,‘‘ਨਾਸਾ ਕੀ ਤੁਸੀਂ ਇਸ ਐਸਟ੍ਰਾਈਡ ਦੇ ਟਕਰਾਉਣ ਜਾਂ ਨਾ ਟਕਰਾਉਣ ਦੀ ਪੁਸ਼ਟੀ ਕਰ ਸਕਦੇ ਹੋ? ਐਸਟ੍ਰਾਈਡ ਵਾਚ ਨਾਂ ਦੇ ਇਕ ਅਕਾਊਂਟ ਨੇ ਰਿਪਲਾਈ ਕੀਤਾ,‘‘ਇਹ ਖਬਰਾਂ ਗਲਤ ਹਨ। ਐਸਟ੍ਰਾਈਡ ਦੇ ਧਰਤੀ ਨਾਲ ਟਕਰਾਉਣ ਦਾ ਕੋਈ ਖਦਸ਼ਾ ਨਹੀਂ ਹੈ।

ਚਿੰਤਾ ਦੀ ਗੱਲ ਨਹੀਂ, 57 ਲੱਖ ਕਿਲੋਮੀਟਰ ਦੂਰ ਤੋਂ ਲੰਘੇਗਾ
ਐਸਟ੍ਰਾਈਡ ਵਾਚ ਨੇ ਸਪੱਸ਼ਟ ਕੀਤਾ ਕਿ ਇਸ ਐਸਟ੍ਰਾਈਡ ਦੀ ਰਫਤਾਰ ਅਤੇ ਧਰਤੀ ਤੋਂ ਦੂਰੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਕਿਉਂਕਿ ਇਹ ਦੂਰੀ ਸਪੇਸ ਦੇ ਹਿਸਾਬ ਨਾਲ ਘੱਟ ਹੈ। ਹਾਲਾਂਕਿ ਚਿੰਤਾ ਦੀ ਕੋਈ ਗੱਲ ਇਸ ਲਈ ਨਹੀਂ ਹੈ ਕਿਉਂਕਿ ਇਹ ਜਿੰਨੀ ਦੂਰੀ ਤੋਂ ਲੰਘੇਗਾ, ਉਹ ਚੰਨ ਦੀ ਧਰਤੀ ਤੋਂ ਦੂਰੀ (384000 ਕਿਲੋਮੀਟਰ) ਦਾ ਲਗਭਗ 15 ਗੁਣਾ ਜ਼ਿਆਦਾ ਹੈ।


Sunny Mehra

Content Editor

Related News