ਪਾਕਿ ਫੌਜ ਮੁਖੀ ਦੀ ਭਾਰਤ ਨੂੰ ਫਿਰ ਗਿੱਦੜ ਭਬਕੀ, ਮਿਜ਼ਾਈਲ ਬਣ ਜਾਂਦੀ ਹੈ ਮੁਸਲਮਾਨਾਂ ਵੱਲੋਂ ਸੁੱਟੀ ਗਈ ਮਿੱਟੀ
Wednesday, Nov 19, 2025 - 10:19 PM (IST)
ਕਰਾਚੀ- ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਇਕ ਵਾਰ ਫਿਰ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਨਾ ਸਿਰਫ ਪਾਕਿਸਤਾਨੀ ਫੌਜ ਦੀ ਸ਼ਲਾਘਾ ਕੀਤੀ, ਸਗੋਂ ਭਾਰਤ ਨੂੰ ਅਸਿੱਧੀ ਧਮਕੀ ਵੀ ਦਿੱਤੀ।
ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਦੇ ਸਨਮਾਨ ਵਿਚ ਆਯੋਜਿਤ ਦੁਪਹਿਰ ਦੇ ਖਾਣੇ ਦੌਰਾਨ ਮੁਨੀਰ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ‘ਅੱਲ੍ਹਾ ਦੀ ਫੌਜ’ ਹੈ ਅਤੇ ਮੁਸਲਮਾਨਾਂ ਦਾ ਭਰੋਸਾ ਦੁਸ਼ਮਣ ’ਤੇ ਸੁੱਟੀ ਗਈ ਮਿੱਟੀ ਨੂੰ ਵੀ ਮਿਜ਼ਾਈਲ ਬਣਾ ਦਿੰਦਾ ਹੈ। ਇਸ ਮੁਲਾਕਾਤ ਦੌਰਾਨ ਮੁਨੀਰ ਨੇ ਮਈ ਵਿਚ ਭਾਰਤ ਨਾਲ ਕਥਿਤ 4 ਦਿਨਾਂ ਦੇ ਟਕਰਾਅ ਦਾ ਜ਼ਿਕਰ ਕਰਦੇ ਹੋਏ ਫਿਰ ਉਹੀ ਪੁਰਾਣਾ ਦਾਅਵਾ ਦੁਹਰਾਇਆ ਕਿ ਪਾਕਿਸਤਾਨ ਨੇ ਭਾਰਤ ਦੇ ਹਮਲਿਆਂ ਦਾ ‘ਕਰਾਰਾ ਜਵਾਬ’ ਦੇ ਕੇ ‘ਜਿੱਤ’ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਅੱਲ੍ਹਾ ਨੇ 7 ਤੋਂ 10 ਮਈ ਤੱਕ ਚੱਲੀ ਜੰਗ ਵਿਚ ‘ਪਾਕਿਸਤਾਨ ਦੀ ਇੱਜ਼ਤ ਬਚਾਈ’ ਅਤੇ ਪਾਕਿਸਤਾਨੀ ਫੌਜ ਨੇ ਹਰ ਮੋਰਚੇ ’ਤੇ ਭਾਰਤੀ ਹਮਲਿਆਂ ਨੂੰ ਨਾਕਾਮ ਕੀਤਾ। ਮੁਨੀਰ ਨੇ ਆਪਣੇ ਬਿਆਨ ਵਿਚ ਕਿਹਾ, ‘ਭਾਰਤ ਨਾਲ ਜੰਗ ਦੌਰਾਨ ਅੱਲ੍ਹਾ ਨੇ ਸਾਡਾ ਸਿਰ ਉੱਚਾ ਰੱਖਣ ਵਿਚ ਸਾਡੀ ਮਦਦ ਕੀਤੀ। ਜਦੋਂ ਇਕ ਮੁਸਲਮਾਨ ਅੱਲ੍ਹਾ ’ਤੇ ਭਰੋਸਾ ਕਰਦਾ ਹੈ ਤਾਂ ਦੁਸ਼ਮਣ ’ਤੇ ਸੁੱਟੀ ਗਈ ਮਿੱਟੀ ਵੀ ਮਿਜ਼ਾਈਲ ਬਣ ਜਾਂਦੀ ਹੈ।’ ਉਸ ਨੇ ਇਹ ਵੀ ਦੁਹਰਾਇਆ ਕਿ ਪਾਕਿਸਤਾਨੀ ਫੌਜ ‘ਅੱਲ੍ਹਾ ਦੇ ਹੁਕਮਾਂ’ ’ਤੇ ਕੰਮ ਕਰਦੀ ਹੈ ਅਤੇ ਇਸ ਦੇ ਜਵਾਨ ‘ਅੱਲ੍ਹਾ ਦੇ ਨਾਂ ’ਤੇ’ ਲੜਦੇ ਹਨ।
