ਫਰਿਜ਼ਨੋ ’ਚ ਏਸ਼ੀਅਨ ਮੂਲ ਦੀ ਜਨਾਨੀ ਦਾ ਕਤਲ, ਹਮਲਾਵਰ ਬੀਬੀ ਗ੍ਰਿਫ਼ਤਾਰ
Tuesday, Apr 06, 2021 - 02:28 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ’ਚ ਏਸ਼ੀਅਨ ਮੂਲ ਦੇ ਲੋਕਾਂ ਨੂੰ ਹਿੰਸਕ ਘਟਨਾਵਾਂ ਦਾ ਨਿਸ਼ਾਨਾ ਬਣਾਉਣਾ ਜਾਰੀ ਹੈ। ਇਕ ਤਾਜ਼ਾ ਘਟਨਾ ’ਚ ਕੈਲੀਫੋਰਨੀਆ 'ਚ ਇੱਕ ਏਸ਼ੀਅਨ ਮੂਲ ਦੀ ਜਨਾਨੀ ਨੂੰ ਚਾਕੂ ਨਾਲ ਵਿੰਨ੍ਹ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ । ਇਸ ਮਾਮਲੇ ’ਚ ਆਪਣੇ ਕੁੱਤਿਆਂ ਨੂੰ ਘੁਮਾਉਂਦੀ ਹੋਈ ਇੱਕ ਏਸ਼ੀਆਈ ਜਨਾਨੀ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਪੁਲਸ ਨੇ ਦੱਸਿਆ ਕਿ 64 ਸਾਲਾ ਕੇ ਚੀਹ ਮੈਂਗ ਸ਼ਨੀਵਾਰ ਸਵੇਰੇ ਤਕਰੀਬਨ 7:30 ਵਜੇ ਰਿਵਰਸਾਈਡ ’ਚ ਆਪਣੇ ਦੋ ਛੋਟੇ ਕੁੱਤਿਆਂ ਨਾਲ ਘੁੰਮ ਰਹੀ ਸੀ, ਜਿਸ ਦੌਰਾਨ ਉਸ ਨੂੰ ਛੁਰਾ ਮਾਰਿਆ ਗਿਆ । ਇਸ ਛੁਰੇਬਾਜ਼ੀ ਕਾਰਨ ਪੀੜਤ ਜਨਾਨੀ ਖੂਨ ਵਗਣ ਕਰਕੇ ਜ਼ਮੀਨ ’ਤੇ ਡਿੱਗ ਪਈ।ਕਾਰਵਾਈ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਜ਼ਮੀਨ ’ਤੇ ਡਿੱਗੀ ਦੇਖਿਆ ਅਤੇ ਇੱਕ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
23 ਸਾਲਾ ਡਾਰਲਿਨ ਸਟੀਫਨੀ ਮੋਂਤੋਆ ਦੀ ਪੁਲਸ ਨੇ ਅਸਥਾਈ ਤੌਰ ’ਤੇ ਹਮਲਾਵਰ ਵਜੋਂ ਪਛਾਣ ਕੀਤੀ ਹੈ। ਉਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਡਾਰਲਿਨ ਦੇ ਨਸ਼ੇ ਦੇ ਪਿਛੋਕੜ ਅਤੇ ਉਸ ਦੀ ਮਾਨਸਿਕ ਸਿਹਤ ਦੇ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੱਤਿਆ ਦੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰਾਬਰਟ ਪ੍ਰੇਸਲੇ ਨਜ਼ਰਬੰਦੀ ਕੇਂਦਰ ’ਚ ਰੱਖਣ ਦੇ ਨਾਲ, ਉਸ 'ਤੇ ਨਸ਼ੇ ਵਾਲੇ ਪਦਾਰਥ ਦੇ ਪ੍ਰਭਾਵ ਅਧੀਨ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ। ਇਸ ਸ਼ੱਕੀ ਜਨਾਨੀ ਡਾਰਲਿਨ ਨੂੰ ਪਹਿਲਾਂ ਵੀ ਹਿੰਸਕ ਵਾਰਦਾਤਾਂ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।