ਅਸਦ ਮਜੀਦ ਖਾਨ ਨੂੰ ਪਾਕਿਸਤਾਨ ਦਾ ਨਵਾਂ ਵਿਦੇਸ਼ ਸਕੱਤਰ ਕੀਤਾ ਗਿਆ ਨਿਯੁਕਤ

Saturday, Dec 03, 2022 - 12:28 AM (IST)

ਅਸਦ ਮਜੀਦ ਖਾਨ ਨੂੰ ਪਾਕਿਸਤਾਨ ਦਾ ਨਵਾਂ ਵਿਦੇਸ਼ ਸਕੱਤਰ ਕੀਤਾ ਗਿਆ ਨਿਯੁਕਤ

ਨੈਸ਼ਨਲ ਡੈਸਕ : ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਤਜਰਬੇਕਾਰ ਡਿਪਲੋਮੈਟ ਅਸਦ ਮਜੀਦ ਖਾਨ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ, ਜਿਨ੍ਹਾਂ ਦਾ ਨਾਂ 'ਵਿਦੇਸ਼ੀ ਸਾਜ਼ਿਸ਼' ਵਿਵਾਦ ’ਚ ਸਾਹਮਣੇ ਆਇਆ ਸੀ। ਖਾਨ ਦੀ ਨਿਯੁਕਤੀ ਦੇ ਨਾਲ ਇਸ ਮਹੱਤਵਪੂਰਨ ਅਹੁਦੇ ਨੂੰ ਲੈ ਕੇ ਕੁਝ ਹਫ਼ਤਿਆਂ ਤੋਂ ਜਾਰੀ ਅਨਿਸ਼ਚਿਤਤਾ ਦਾ ਅੰਤ ਹੋ ਗਿਆ। ਵਿਦੇਸ਼ ਦਫ਼ਤਰ ਨੇ ਇਕ ਟਵੀਟ ’ਚ ਕਿਹਾ ਕਿ ਖਾਨ ਮੌਜੂਦਾ ਸਮੇਂ ’ਚ ਬੈਲਜੀਅਮ, ਯੂਰਪੀਅਨ ਯੂਨੀਅਨ (ਈ. ਯੂ.) ਅਤੇ ਲਕਜ਼ਮਬਰਗ ’ਚ ਪਾਕਿਸਤਾਨ ਦੇ ਰਾਜਦੂਤ ਵਜੋਂ ਤਾਇਨਾਤ ਹਨ। ‘ਐਸਟੈਬਲਿਸ਼ਮੈਂਟ ਡਿਵੀਜ਼ਨ’ ਨੇ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਸਾਲ ਸਤੰਬਰ ’ਚ ਸੋਹੇਲ ਮਹਿਮੂਦ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ ਅਤੇ ਇਕ ਸਥਾਈ ਵਿਦੇਸ਼ ਸਕੱਤਰ ਦੀ ਨਿਯੁਕਤੀ ਦੀ ਬਜਾਏ ਸੀਨੀਅਰ ਡਿਪਲੋਮੈਟ ਜੌਹਰ ਸਲੀਮ ਨੂੰ ਇਸ ਅਹੁਦੇ ’ਤੇ ਰਸਮੀ ਨਿਯੁਕਤੀ ਤੱਕ ਵਿਦੇਸ਼ ਸਕੱਤਰ ਦੇ ਦਫ਼ਤਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

ਉਸ ਸਮੇਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਮਜੀਦ ਖਾਨ ਨੂੰ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਸਨ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਦੇਸ਼ ਵਿਚ ਸਿਆਸੀ ਤਣਾਅ ਆਪਣੇ ਸਿਖਰ ’ਤੇ ਸੀ। ਕਥਿਤ ਸਾਜ਼ਿਸ਼ ਵਾਸ਼ਿੰਗਟਨ ਤੋਂ ਮਜੀਦ ਖਾਨ ਵੱਲੋਂ ਭੇਜੇ ਗਏ ਇਕ ਕੇਬਲ ਅਧਾਰਿਤ ਸੀ, ਜੋ ਪਾਕਿਸਤਾਨ ਦੀ ਸਿਆਸੀ ਸਥਿਤੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਡੋਨਾਲਡ ਲੂ ਦੇ ਨਾਲ ਉਨ੍ਹਾਂ ਦੀ ਮੀਟਿੰਗ ’ਤੇ ਆਧਾਰਿਤ ਸੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪਾਕਿਸਤਾਨ ’ਚ ਤੱਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ। ਨੈਸ਼ਨਲ ਅਸੈਂਬਲੀ ’ਚ ਨਿਰਧਾਰਤ ਵੋਟਿੰਗ ਤੋਂ ਲੱਗਭਗ ਇਕ ਹਫ਼ਤਾ ਪਹਿਲਾ ਇਮਰਾਨ ਖਾਨ ਨੇ ਇਸਲਾਮਾਬਾਦ ’ਚ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਇਕ ਰੈਲੀ ਵਿਚ ਇਕ ਦਸਤਾਵੇਜ਼ ਪ੍ਰਦਰਸ਼ਿਤ ਕੀਤਾ। ਇਸ ਦਸਤਾਵੇਜ਼ ਰਾਹੀਂ ਇਮਰਾਨ ਖ਼ਾਨ ਨੇ ਆਪਣੀ ਸਰਕਾਰ ਖ਼ਿਲਾਫ਼ 'ਵਿਦੇਸ਼ੀ ਸਾਜ਼ਿਸ਼' ਦਾ ਦੋਸ਼ ਲਾਇਆ ਸੀ। ਅਵਿਸ਼ਵਾਸ ਪ੍ਰਸਤਾਵ ’ਚ ਹਾਰ ਤੋਂ ਬਾਅਦ ਇਮਰਾਨ ਖਾਨ ਨੇ ਪਾਕਿਸਤਾਨ ’ਚ ਪਾਕਿਸਤਾਨ ’ਚ ਸ਼ਾਸਨ ਬਦਲਾਅ ਲਈ ਅਮਰੀਕੀ ਦਖਲ ਦਾ ਦੋਸ਼ ਲਗਾਇਆ ਸੀ। ਸਿਆਸੀ ਵਿਵਾਦ ਵਧਿਆ, ਮਜੀਦ ਖਾਨ ਦੀ ਭੂਮਿਕਾ ਅਤੇ ਕਰੀਅਰ 'ਤੇ ਵੀ ਸਵਾਲ ਉੱਠਣ ਲੱਗੇ। ਇਸ ਲਈ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੇ ਅਗਲੇ ਵਿਦੇਸ਼ ਸਕੱਤਰ ਦੀ ਨਿਯੁਕਤੀ ਲਈ ਸਥਿਤੀ ਆਮ ਹੋਣ ਦੀ ਉਡੀਕ ਕੀਤੀ।


author

Manoj

Content Editor

Related News