ਮਿਲਖਾ ਸਿੰਘ ਦੀ ਮੌਤ ਦੀ ਅਫ਼ਵਾਹ ਵਾਇਰਲ ਹੋਣ ਨਾਲ ਲੋਕ ਸੋਸ਼ਲ ਮੀਡੀਆ ਤੋਂ ਇੱਕ ਵਾਰ ਫਿਰ ਹੋਏ ਪ੍ਰੇਸ਼ਾਨ
Saturday, Jun 05, 2021 - 08:15 PM (IST)
ਰੋਮ (ਦਲਵੀਰ ਕੈਂਥ) - ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ, ਅਤੇ ਸੋਸ਼ਲ ਮੀਡੀਆ ਤੇ ਆਈ ਹੋਈ ਕੋਈ ਵੀ ਜਾਣਕਾਰੀ ਨੂੰ ਇੱਕ ਦੂਸਰੇ ਤੋਂ ਅੱਗੇ ਭੇਜ ਕੇ ਵਾਇਰਲ ਕੀਤਾ ਜਾਂਦਾ ਹੈ। ਕਦੀਂ ਸਮਾਂ ਅਸੀਂ ਲੋਕ ਸੋਸ਼ਲ ਮੀਡੀਆ ਨੂੰ ਦਿਲੋ ਮਾਨਤਾ ਦਿੰਦੇ ਸਨ ਪਰ ਸਭ ਤੋਂ ਵੱਡੀ ਸਮੱਸਿਆ ਉਦੋਂ ਹੋ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ 'ਤੇ ਕੋਈ ਅਫਵਾਹ ਵਾਇਰਲ ਹੋ ਜਾਂਦੀ ਹੈ ਜਿਸ ਨਾਲ ਜਿੱਥੇ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਉੱਥੇ ਉਨ੍ਹਾਂ ਦੇ ਸਮੇਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ। ਅੱਜ ਦੁਪਹਿਰ ਸੋਸ਼ਲ ਮੀਡੀਆ 'ਤੇ ਮਿਲਖਾ ਸਿੰਘ ਜੋ ਕਿ ਪਿਛਲੇ ਦਿਨਾਂ ਤੋਂ ਜੇਰੇ ਇਲਾਜ ਹਨ, ਉਨ੍ਹਾਂ ਦੀ ਮੌਤ ਹੋਣ ਦੀ ਅਫਵਾਹ ਕਾਫ਼ੀ ਜ਼ਿਆਦਾ ਵਾਇਰਲ ਹੋਈ। ਸੋਸ਼ਲ ਮੀਡੀਆ 'ਤੇ ਖ਼ਬਰਾਂ ਦੇਣ ਵਾਲੇ ਕਈ ਪੇਜਾਂ ਨੇ ਇਹ ਖ਼ਬਰ ਆਪੋ ਆਪਣੇ ਪੇਜ 'ਤੇ ਮਿਲਖਾ ਸਿੰਘ ਦੀ ਫੋਟੋ ਨਾਲ ਲਾ ਕੇ ਚਲਾਈ। ਤੇਜ਼ੀ ਨਾਲ ਵਾਇਰਲ ਹੋਈ ਇਸ ਖ਼ਬਰ ਨੂੰ ਬਿਨਾਂ ਕਿਸੇ ਤਸਦੀਕ ਕੀਤੇ ‘ਉੱਤਰ ਕਾਟੋ ਮੈਂ ਚੜ੍ਹਾਂ‘ ਦੀ ਕਹਾਵਤ ਵਾਲੇ ਸੋਸ਼ਲ ਮੀਡੀਆ 'ਤੇ ਬਣੇ ਪੇਜਾ ਨੇ ਵੱਧ ਚੜ੍ਹ ਕੇ ਵਾਇਰਲ ਕੀਤਾ।
ਹਾਲਾਂਕਿ ਇਸ ਦੇ ਉਲਟ ਅੱਜ ਵੀ ਅਖ਼ਬਾਰਾਂ ਅਤੇ ਚੈਨਲਾਂ ਦੀ ਭਰੋਸੇਯੋਗਤਾ ਉਸੇ ਤਰ੍ਹਾਂ ਕਾਇਮ ਹੈ ਕਿਉਂਕਿ ਅਖਬਾਰਾਂ ਦੀਆਂ ਵੈੱਬਸਾਈਟਾਂ 'ਤੇ ਇਸ ਖ਼ਬਰ ਦੇ ਸੰਬੰਧ ਵਿੱਚ ਪੀ.ਜੀ.ਆਈ. ਦੇ ਡਾਕਟਰਾਂ ਦਾ ਬਿਆਨ ਨਸ਼ਰ ਕੀਤਾ ਗਿਆ ਕਿ ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਬੇ-ਬੁਨਿਆਦ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਪੁਸ਼ਟੀ ਦੇ ਅਜਿਹੀਆਂ ਖ਼ਬਰਾਂ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ। ਮਿਲਖਾ ਸਿੰਘ ਦੀ ਮੌਤ ਦੀਆਂ ਸਭ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਉਨ੍ਹਾਂ ਦੀ ਹਾਲਤ ਵਿੱਚ ਪਹਿਲਾਂ ਤੋਂ ਸੁਧਾਰ ਹੈ, ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ ਦਾ ਸੱਚ ਤਸਦੀਕ ਹੋਣ ਤੋਂ ਬਾਅਦ ਜਿੱਥੇ ਮਿਲਖਾ ਸਿੰਘ ਦੀ ਲੰਬੀ ਉਮਰ ਦੀ ਪ੍ਰਾਰਥਨਾ ਕਰਨ ਵਾਲਿਆਂ ਨੇ ਸੁੱਖ ਦਾ ਸਾਹ ਲਿਆ, ਉੱਥੇ ਆਮ ਲੋਕਾਂ ਵਿੱਚ ਸੋਸ਼ਲ ਮੀਡੀਆ ਦੀ ਭਰੋਸੇ ਯੋਗਤਾ ਪ੍ਰਤੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਨਾਲ ਹੀ ਪਿਛਲੇ ਸਮੇਂ ਵਿੱਚ ਅਜਿਹਾ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਹੁਣ ਅਖ਼ਬਾਰਾਂ ਦਾ ਸਮਾਂ ਵੀ ਸਮਾਪਤ ਹੋ ਗਿਆ ਹੈ, ਕੁਝ ਲੋਕਾਂ ਦੀ ਇਸ ਵਿਚਾਰਧਾਰਾ 'ਤੇ ਵੀ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ। ਕਿਉਂਕਿ ਅਖ਼ਬਾਰਾਂ ਅਤੇ ਨਿਊਜ਼ ਚੈਨਲ ਆਪਣੀ ਭਰੋਸੇਯੋਗਤਾ ਪਹਿਲਾਂ ਵਾਂਗ ਹੀ ਬਰਕਰਾਰ ਰੱਖਣ ਵਿੱਚ ਕਾਮਯਾਬ ਹਨ।
ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ਵਿੱਚ ਪਹਿਲਾਂ ਵੀ ਕਈ ਅਜਿਹੀਆਂ ਖ਼ਬਰਾਂ ਵਾਇਰਲ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਚੰਗੇ ਭਲੇ ਬੰਦੇ ਦੇ ਗੰਗਾ ਅਸਤ ਪਾ ਛੱਡੇ ਸਨ ਪਰ ਕਾਬਿਲੇ ਤਾਰੀਫ਼ ਉਹ ਅਖ਼ਬਾਰਾਂ ਅਤੇ ਚੈਨਲ ਜਿਹੜੇ ਅੱਜ ਵੀ ਸਹੀ ਜਾਣਕਾਰੀ ਪ੍ਰਕਾਸਿਤ ਕਰਨ ਲਈ ਲੋਕਾਂ ਵਿੱਚ ਹਰਮਨ ਪਿਆਰੇ ਹਨ। ਭੱਵਿਖ ਵਿੱਚ ਜੇਕਰ ਕੋਈ ਕਿਸੇ ਅਣਹੋਣੀ ਦੀ ਖ਼ਬਰ ਸੋਸ਼ਲ ਮੀਡੀਆ ਉਪੱਰ ਵਾਇਰਲ ਹੁੰਦੀ ਹੈ ਤਾਂ ਕਿਰਪਾ ਲੋਕ ਸੰਜਮ ਤੋਂ ਕੰਮ ਲੈਂਦੇ ਪਹਿਲਾਂ ਪੰਜਾਬ ਦੀਆਂ ਅਖ਼ਬਾਰਾਂ ਜਾਂ ਚੈਨਲ ਨੂੰ ਚੰਗੀ ਤਰ੍ਹਾਂ ਘੋਖ ਲੈਣ ਫਿਰ ਹੀ ਕੋਈ ਫੈਸਲਾ ਲੈਣ। ਸਾਡੀ ਸੋਸ਼ਲ ਮੀਡੀਆ ਦੇ ਉਨ੍ਹਾਂ ਸਾਥੀਆਂ ਨੂੰ ਵੀ ਅਪੀਲ ਹੈ ਜਿਹੜੇ ਪੱਤਰਕਾਰਾਂ ਤੋਂ ਵੀ ਵੱਧ ਜ਼ਿੰਮੇਵਾਰੀ ਸਮਝਕੇ ਖ਼ਬਰਾਂ ਨੂੰ ਵਾਇਰਲ ਕਰਦੇ ਹਨ ਕਿ ਉਹ ਵੀ ਕਿਰਪਾ ਖ਼ਬਰ ਨੂੰ ਪਹਿਲਾਂ ਚੰਗੀ ਤਰ੍ਹਾਂ ਪ੍ਰਮਾਣਿਤ ਕਰ ਲੈਣ ਫਿਰ ਹੀ ਕਿਸੇ ਪਾਸੇ ਵਾਇਰਲ ਕਰਨ ਕਿਉਂਕਿ ਲੋਕ ਉਨ੍ਹਾਂ ਉੱਪਰ ਅੱਖਾਂ ਬੰਦ ਕਰ ਕਈ ਵਾਰ ਯਕੀਨ ਕਰ ਲੈਂਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।