ਦੱਖਣੀ ਅਫਰੀਕਾ ''ਚ ਸਾਬਕਾ ਰਾਸ਼ਟਰਪਤੀ ਜੁਮਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

Wednesday, Feb 05, 2020 - 12:07 AM (IST)

ਦੱਖਣੀ ਅਫਰੀਕਾ ''ਚ ਸਾਬਕਾ ਰਾਸ਼ਟਰਪਤੀ ਜੁਮਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਜੋਹਾਨਸਬਰਗ (ਏਜੰਸੀ)- ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਦਾਲਤੀ ਕਾਰਵਾਈ ਤੋਂ ਬੱਚ ਰਹੇ ਦੱਖਣੀ  ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਖਿਲਾਫ ਇਥੋਂ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਵਕੀਲ ਵਲੋਂ 77 ਸਾਲਾ ਜੁਮਾ ਦੀ ਖਰਾਬ ਸਿਹਤ ਦਾ ਹਵਾਲਾ ਦਿੱਤੇ ਜਾਣ 'ਤੇ ਕੋਰਟ ਨੇ ਹਾਲਾਂਕਿ ਵਾਰੰਟ 'ਤੇ ਤਾਮੀਲ ਦੀ ਮਿਆਦ 6 ਮਈ ਤੱਕ ਮੁਲਤਵੀ ਕਰ ਦਿੱਤੀ। ਜੁਮਾ ਨੂੰ ਮੰਗਲਵਾਰ ਨੂੰ ਪੀਟਰਮਾਰਿਤਜ਼ਬਰਗ ਹਾਈ ਕੋਰਟ ਵਿਚ ਹਾਜ਼ਰ ਹੋਣਾ ਸੀ।
ਅਦਾਲਤ ਵਿਚ 1990 ਦੇ ਤਕਰੀਬਨ ਫਰਾਂਸਿਸੀ ਕੰਪਨੀ ਥੇਲਸ ਤੋਂ ਰੱਖਿਆ ਹਥਿਆਰਾਂ ਦੀ ਖਰੀਦ ਦੌਰਾਨ ਦੋ ਅਰਬ ਡਾਲਰ (ਤਕਰੀਬਨ 14 ਹਜ਼ਾਰ ਕਰੋੜ ਰੁਪਏ) ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੁਣਵਾਈ ਹੋਣੀ ਸੀ। ਜੁਮਾ 'ਤੇ ਥੇਲਸ ਨੂੰ ਜਾਂਚ ਤੋਂ ਬਚਾਉਣ ਦੇ ਏਵਜ਼ ਵਿਚ ਸਾਲਾਨਾ 34 ਹਜ਼ਾਰ ਡਾਲਰ (ਤਕਰੀਬਨ 24 ਲੱਖ ਰੁਪਏ) ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਦੋਸ਼ ਹੈ ਕਿ ਜੁਮਾ ਖਰਾਬ ਸਿਹਤ ਦਾ ਹਵਾਲਾ ਦੇ ਕੇ ਪਿਛਲੇ ਕਈ ਮਹੀਨਿਆਂ ਤੋਂ ਅਦਾਲਤ ਵਿਚ ਹਾਜ਼ਰ ਹੋਣ ਤੋਂ ਬਚੇ ਰਹੇ ਹਨ। 2009 ਤੋਂ 2018 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਜੁਮਾ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਰਤ ਦੱਸਦੇ ਰਹੇ ਹਨ।
ਹਾਲਾਂਕਿ ਜੁਮਾ ਬੀਮਾਰ ਹਨ ਅਤੇ ਇਸ ਸਮੇਂ ਕਿਊਬਾ ਵਿਚ ਇਲਾਜ ਕਰਵਾ ਰਹੇ ਹਨ। ਰਿਪਰੋਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਾਸ਼ਟਰੀ ਇਸਤਿਗਾਸਾ ਅਥਾਰਟੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਜੁਮਾ ਦੀ ਮੈਡੀਕਲ ਰਿਪੋਰਟ ਵੀ ਤਲਬ ਕਰਨ। ਸਰਕਾਰੀ ਵਕੀਲ ਬਿਲੀ ਡਾਊਨਰ ਨੇ ਜੁਮਾ ਦੇ ਵਕੀਲਾਂ ਦੇ ਹਵਾਲੇ ਤੋਂ ਦੱਸਿਆ ਕਿ ਉਹ ਮੱਧ ਮਾਰਚ ਤੱਕ ਦੇਸ਼ ਤੋਂ ਬਾਹਰ ਰਹਿਣਗੇ।


author

Sunny Mehra

Content Editor

Related News