ਜਨਰਲ ਰਾਵਤ ਦੇ ਬਿਆਨ ''ਤੇ ਭੜਕਿਆ ਪਾਕਿਸਤਾਨ, ਕਿਹਾ...
Saturday, Sep 22, 2018 - 11:12 PM (IST)

ਇਸਲਾਮਾਬਾਦ— ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਮੁਲਾਕਾਤ ਰੱਦ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾਵਾਂ ਤੇ ਅਧਿਕਾਰੀਆਂ ਵਲੋਂ ਬਿਆਨਬਾਜ਼ੀ ਜਾਰੀ ਹੈ। ਹੁਣ ਇਸ 'ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਵੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਮੁਲਾਕਾਤ ਦੇ ਰੱਦ ਕੀਤੇ ਜਾਣ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਹੈ ਤਾਂ ਪਾਕਿਸਤਾਨ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਜਨਰਲ ਬਿਪਿਨ ਰਾਵਤ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ ਗਫੂਰ ਨੇ ਕਿਹਾ ਕਿ ਅਸੀਂ ਇਕ ਪ੍ਰਮਾਣੂ ਸੰਪਨ ਦੇਸ਼ ਹਾਂ ਤੇ ਹਮੇਸ਼ਾ ਜੰਗ ਲਈ ਤਿਆਰ ਹਾਂ। ਜੰਗ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਇਕ ਪੱਖ ਤਿਆਰ ਨਹੀਂ ਹੁੰਦਾ। ਅਸਲ 'ਚ ਆਰਮੀ ਚੀਫ ਜਨਰਲ ਬਿਪਿਨ ਰਾਵਤ ਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਮੁਲਾਕਾਤ ਰੱਦ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਨੀਵਾਰ ਨੂੰ ਰਾਵਤ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਤੇ ਅੱਤਵਾਦੀਆਂ ਨੂੰ ਮੁੰਹ ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਗੱਲਬਾਤ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ।
ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਰੱਦ ਹੋਣ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਰਾਵਤ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਸਰਕਾਰ ਦੀ ਨੀਤੀ ਬਿਲਕੁਲ ਸਪੱਸ਼ਟ ਹੈ। ਪਾਕਿਸਤਾਨ ਦੇ ਲਈ ਜ਼ਰੂਰੀ ਹੈ ਕਿ ਉਹ ਅੱਤਵਾਦ ਨੂੰ ਰੋਕੇ। ਇਕ ਸਵਾਲ ਦੇ ਜਵਾਬ 'ਚ ਰਾਵਤ ਨੇ ਕਿਹਾ ਕਿ ਅੱਤਵਾਦੀਆਂ ਤੇ ਪਾਕਿਸਤਾਨੀ ਫੌਜ ਦੀ ਦਰਿੰਦਗੀ ਦਾ ਬਦਲਾ ਲੈਣ ਲਈ ਭਾਰਤ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।