ਅਲਵੀ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਵਜੋਂ ਕੱਲ ਚੁੱਕਣਗੇ ਸਹੁੰ

Saturday, Sep 08, 2018 - 12:54 PM (IST)

ਅਲਵੀ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਵਜੋਂ ਕੱਲ ਚੁੱਕਣਗੇ ਸਹੁੰ

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਡਾ. ਆਰਿਫ ਅਲਵੀ ਐਤਵਾਰ ਨੂੰ ਦੇਸ਼ ਦੇ 13ਵੇਂ ਰਾਸ਼ਟਰਪਤੀ ਅਹੁਦੇ ਹੀ ਸਹੁੰ ਚੁੱਕਣਗੇ। ਰੇਡੀਓ ਪਾਕਿਸਤਾਨ ਨੇ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਮੇਤ ਕਈ ਰਾਜਨੇਤਾ ਅਤੇ ਫੌਜ ਦੇ ਅਧਿਕਾਰੀ ਮੌਜੂਦ ਰਹਿਣਗੇ।

69 ਸਾਲਾ ਸਾਬਕਾ ਦੰਦਾਂ ਦੇ ਮਾਹਰ ਡਾ. ਅਲਵੀ ਨੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦੀ ਤ੍ਰਿਕੋਣੀ ਟੱਕਰ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਏਤਾਜ ਅਹਿਸਾਨ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੌਲਾਨਾ ਫਜ਼ਲ ਉਰ ਰਹਿਮਾਨ ਨੂੰ ਹਰਾਇਆ ਹੈ। ਪ੍ਰਧਾਨ ਮੰਤਰੀ ਦੇ ਕਰੀਬੀ ਸਹਿਯੋਗੀ ਡਾ. ਅਲਵੀ 2006 ਤੋਂ 2013 ਤੱਕ ਪਾਰਟੀ ਜਨਰਲ ਸਕੱਤਰ ਰਹੇ ਅਤੇ ਬੀਤੀ 25 ਜੁਲਾਈ ਨੂੰ ਹੋਈਆਂ ਰਾਸ਼ਟਰੀ ਸੰਸਦ ਦੀਆਂ ਚੋਣਾਂ ਵਿਚ ਕਰਾਚੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ ਸ਼ਨੀਵਾਰ ਨੂੰ ਸਮਾਪਤ ਹੋਣ ਜਾ ਰਿਹਾ ਹੈ।


Related News