ਕੈਨੇਡਾ ਜਾਣ ਲਈ ਤੁਸੀਂ ਵੀ ਹੋ ਕਾਹਲੇ, ਤਾਂ ਇੰਨਾ ਕਰਨਾ ਪਵੇਗਾ ਇੰਤਜ਼ਾਰ
Wednesday, Jul 01, 2020 - 04:05 PM (IST)
ਓਟਾਵਾ— ਕੈਨੇਡਾ ਨੇ ਵਿਦੇਸ਼ੀ ਯਾਤਰੀਆਂ 'ਤੇ ਰੋਕ 31 ਜੁਲਾਈ ਤੱਕ ਵਧਾ ਦਿੱਤੀ ਹੈ। ਜਸਟਿਨ ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਕਰਮਣ ਨੂੰ ਰੋਕਣ ਲਈ ਪਹਿਲੀ ਵਾਰ ਮਾਰਚ ਦੇ ਅੱਧ ਵਿਚ ਗੈਰ-ਕੈਨੇਡੀਅਨ ਨਾਗਰਿਕਾਂ ਲਈ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ।
ਸਿਹਤ ਮੰਤਰਾਲਾ ਵੱਲੋਂ ਸਰਕਾਰ ਨੂੰ 29 ਜੂਨ ਨੂੰ ਸੌਂਪੀ ਗਈ ਸਿਫਾਰਸ਼ 'ਤੇ ਟਰੂਡੋ ਸਰਕਾਰ ਨੇ ਇਸ ਪਾਬੰਦੀ ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ।
ਇਸ ਪਾਬੰਦੀ 'ਚ ਪੱਕੇ ਕੈਨੇਡੀਅਨ ਵਸਨੀਕਾਂ, ਕੈਨੇਡੀਅਨ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਡਿਪਲੋਮੈਟਾਂ ਨੂੰ ਛੋਟ ਹੈ, ਯਾਨੀ ਉਨ੍ਹਾਂ ਨੂੰ ਕੈਨੇਡਾ 'ਚ ਆਉਣ ਦੀ ਇਜਾਜ਼ਤ ਹੈ। ਹਾਲਾਂਕਿ ਜਿਸ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਦੇ ਲੱਛਣ ਹਨ ਉਨ੍ਹਾਂ ਨੂੰ ਅਜੇ ਵੀ ਕੈਨੇਡਾ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕੈਨੇਡਾ ਸਰਕਾਰ ਨੇ ਕਿਹਾ ਕਿ ਹਾਲ ਹੀ 'ਚ ਵਿਦੇਸ਼ 'ਚ ਰਹਿ ਰਹੇ ਲੋਕਾਂ ਦੀ ਵਜ੍ਹਾ ਨਾਲ ਕੈਨੇਡਾ 'ਚ ਸੰਕਰਮਣ ਹੋਰ ਫੈਲਣ ਦਾ ਖਤਰਾ ਵੱਧ ਸਕਦਾ ਹੈ, ਨਾਲ ਹੀ ਸਾਡੇ ਸਿਹਤ ਸਿਸਟਮ 'ਤੇ ਬੋਝ ਨੂੰ ਘੱਟ ਕਰਨ ਲਈ ਇਹ ਪਾਬੰਦੀ ਵਧਾਈ ਜਾ ਰਹੀ ਹੈ।
ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜਲਦਬਾਜ਼ੀ 'ਚ ਢਿੱਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਜਨਮ ਦੇ ਸਕਦੀ ਹੈ। ਟਰੂਡੋ ਨੇ 22 ਜੂਨ ਨੂੰ ਇਕ ਪ੍ਰੈੱਸ ਬ੍ਰੀਫਿੰਗ 'ਚ ਕਿਹਾ ਸੀ ਕਿ ਅਸੀਂ ਕੌਮਾਂਤਰੀ ਸਰਹੱਦਾਂ ਨੂੰ ਕਦੋਂ ਤੇ ਕਿਵੇਂ ਖੋਲ੍ਹਣਾ ਸ਼ੁਰੂ ਕਰਾਂਗੇ, ਇਸ ਬਾਰੇ ਬਹੁਤ ਸਾਵਧਾਨੀ ਨਾਲ ਫੈਸਲਾ ਲਵਾਂਗੇ। ਉੱਥੇ ਹੀ, ਟਰੂਡੋ ਸਰਕਾਰ ਨੇ ਵਿਦੇਸ਼ੀ ਮੁਸਾਫਰਾਂ ਦੇ ਕੈਨੇਡਾ ਪਹੁੰਚਣ 'ਤੇ 14 ਦਿਨਾਂ ਦੇ ਇਕਾਂਤਵਾਸ ਨਿਯਮ ਨੂੰ ਵੀ 31 ਅਗਸਤ ਤੱਕ ਵਧਾ ਦਿੱਤਾ ਹੈ, ਯਾਨੀ ਇੰਨੇ ਦਿਨ ਖੁਦ ਨੂੰ ਦੂਜਿਆਂ ਤੋਂ ਵੱਖ ਰੱਖਣਾ ਹੋਵੇਗਾ।