ਵਰਲਡ ਸਿੱਖ ਪਾਰਲੀਮੈਂਟ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

Saturday, Oct 19, 2024 - 04:44 PM (IST)

ਵਰਲਡ ਸਿੱਖ ਪਾਰਲੀਮੈਂਟ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

ਫਰੈਕਫੋਰਟ (ਸਰਬਜੀਤ ਸਿੰਘ ਬਨੂੜ) - ਦੁਨੀਆ ਭਰ ਦੇ ਸਿੱਖਾਂ ਨੂੰ ਭਾਰਤ ਦੀ ਹਿੰਸਾ ਮੁਹਿੰਮ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ । ਇਸ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਦੁਨੀਆਂ ਭਰ ਵਿੱਚ ਅਜ਼ਾਦੀ ਪਸੰਦ ਸਿੱਖਾਂ ਵਿਰੁੱਧ ਵਿੱਢੀ ਗਈ ਹਿੰਸਾ, ਜਬਰ ਅਤੇ ਅੰਤਰ-ਰਾਸ਼ਟਰੀ ਅੱਤਵਾਦ ਦੀ ਸਖ਼ਤ ਨਿਖੇਧੀ ਕਰਦੀ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਭਗਤ ਸਿੰਘ , ਭਾਈ ਮਨਬੀਰ ਸਿੰਘ ਕਨੇਡਾ, ਭਾਈ ਜਤਿੰਦਰ ਸਿੰਘ, ਜਰਮਨੀ , ਭਾਈ ਜਸਵਿੰਦਰ ਸਿੰਘ , ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ ਹਾਲੈਡ, ਭਾਈ ਪ੍ਰਿਤਪਾਲ ਸਿੰਘ ਸਵਿਟਜਲੈਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ  ਫਰਾਸ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕੀਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਨਿਊਯਾਰਕ ਵਿੱਚ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਕਰਿੰਦੇ ਅੱਤਵਾਦੀ ਵਿਕਾਸ ਯਾਦਵ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਦੇ ਅਮਰੀਕੀ ਸਰਕਾਰ ਦੇ ਖੁਲਾਸੇ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਅੰਬੈਸੀ ਦੇ ਕਰਿੰਦਿਆਂ ਦਾ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਭਾਰਤ ਸਰਕਾਰ ਦੁਨੀਆ ਦੇ ਅੰਤਰਰਾਸ਼ਟਰੀ  ਕਾਨੂੰਨ ਛਿੱਕੇ ਟੰਗ ਕੇ ਸਿੱਖਾਂ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਨਾਉਣ 'ਤੇ ਉਤਾਰੂ ਹੈ।

ਆਗੂਆਂ ਨੇ ਕਿਹਾ ਕਿ ਅਸੀਂ ਅਮਰੀਕਾ ਅਤੇ ਕੈਨੇਡਾ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਕਰਿੰਦਿਆ ਨੂੰ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਠਹਿਰਾਉਣ ਦੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਭਾਰਤੀ ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਿਆ ਜਾਣਾ ਭਾਰਤ ਸਰਕਾਰ ਦੀਆਂ ਗੈਰਕਾਨੂੰਨੀ ਕਾਰਵਾਈਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਭਾਰਤ ਸਰਕਾਰ ਵੱਲੋਂ ਅੰਜਾਮ ਦਿੱਤੀਆਂ ਗਈਆਂ ਇਹ ਕੋਈ ਇਕੱਲੀਆਂ-ਦੁਕੱਲੀਆਂ ਘਟਨਾਵਾਂ ਨਹੀਂ ਹਨ ਸਗੋਂ ਅੰਤਰਰਾਸ਼ਟਰੀ ਨਿਯਮਾਂ ਦੀ ਘੋਰ ਉਲੰਘਣਾ ਹੈ। ਵਿਦੇਸ਼ੀ ਧਰਤੀ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਦੀਆਂ ਇਹ ਤਾਜ਼ਾ ਹਰਕਤਾਂ ਭਾਰਤ ਸਰਕਾਰ ਦੀ ਸਿੱਖਾਂ ਦੀ ਹੱਕੀ ਅਵਾਜ਼ ਨੂੰ ਹਿੰਸਾ ਅਤੇ ਜਬਰ ਨਾਲ ਦਬਾਉਣ ਦੀ ਇੱਕ ਵਿਆਪਕ ਮੁਹਿੰਮ ਦਾ ਹਿੱਸਾ ਹਨ। ਇਸਦਾ ਉਦੇਸ਼ ਸਿੱਖ ਸਵੈ-ਨਿਰਣੇ ਦੀ ਵਕਾਲਤ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ ਹੈ।  ਸਿੱਖਾਂ ਦੀ ਹੱਕੀ ਮੰਗਾਂ ਦੀ ਜੱਦੋ ਜਹਿਦ ਨੂੰ ਸਰਕਾਰ ਪ੍ਰਾਪੇਗੰਡੇ ਰਾਹੀਂ ਲਗਾਤਾਰ ਅੱਤਵਾਦ ਦਾ ਨਾਂ ਦੇ ਰਹੀ ਹੈ।

ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੇ ਅੰਤਰ-ਰਾਸ਼ਟਰੀ ਦਮਨ ਦੀ ਵਧ ਰਹੀ ਮੁਹਿੰਮ ਖਿਲਾਫ ਨਿਰਣਾਇਕ ਕਾਰਵਾਈ ਕਰਨ ਦੀ ਅਪੀਲ ਕਰਦਿਆ ਹੋਇਆਂ ਕਿਹਾ ਕਿ ਹੁਣ ਭਾਰਤ ਅਤੇ ਕੈਨੇਡਾ ਜਾਂ ਅਮਰੀਕਾ ਵਿਚਕਾਰ ਇੱਕ ਦੁਵੱਲਾ ਮੁੱਦਾ ਨਹੀਂ ਹੈ - ਇਹ ਆਜ਼ਾਦੀ ਅਤੇ ਨਿਆਂ ਦੀ ਕਦਰ ਕਰਨ ਵਾਲੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਇੱਕ ਵਿਸ਼ਵਵਿਆਪੀ ਚੁਣੌਤੀ ਬਣ ਗਿਆ ਹੈ।

ਸਿੱਖ ਕੌਮ ਨੇ ਬ੍ਰਾਹਮਣਵਾਦੀ ਭਾਰਤੀ ਨਿਜ਼ਾਮ ਦੇ ਅਧੀਨ ਲੰਬੇ ਸਮੇਂ ਤੋਂ ਅੱਤਿਆਚਾਰ ਦਾ ਸਾਹਮਣਾ ਕੀਤਾ ਹੈ ਅਤੇ ਇਹ ਲਾਜ਼ਮੀ ਹੈ ਕਿ ਲੋਕਤੰਤਰੀ ਦੇਸ਼ ਭਾਰਤ ਦੇ ਅਸਲ ਖਾਸੇ ਨੂੰ ਪਛਾਨਣ ਅਤੇ ਭਾਰਤ ਸਰਕਾਰ ਦੇ ਖਿਲਾਫ ਢੁਕਵੇਂ ਕਦਮ ਉਠਾਉਣ ਤਾਂ ਕਿ ਭਾਰਤ ਸਰਕਾਰ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਸਿੱਖਾਂ ਨੂੰ ਸਰਕਾਰੀ ਅੱਤਵਾਦ ਦਾ ਨਿਸ਼ਾਨਾ ਨਾ ਬਣਾ ਸਕੇ ।


author

Harinder Kaur

Content Editor

Related News