ਸੀਰੀਆ ''ਚ ਖੂਨ-ਖਰਾਬੇ ਦੇ ਹਾਲਾਤ ਹਨ : ਐਂਤੋਨੀਓ
Wednesday, Apr 11, 2018 - 12:10 PM (IST)
ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਮੁਖੀ ਐਂਤੋਨੀਓ ਗੁਤਾਰੇਸ ਨੇ ਸੀਰੀਆ 'ਚ ਲਗਾਤਾਰ ਹੋ ਰਹੀ ਹਿੰਸਾ ਅਤੇ ਜੰਗ ਦੇ ਹਾਲਾਤ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜੇ ਵੀ ਖੂਨ-ਖਰਾਬੇ ਜਿਹੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਨੇ ਦੇਸ਼ 'ਚ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇੱਥੇ 8 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ।
ਐਂਤੋਨੀਓ ਨੇ ਅੱਗੇ ਕਿਹਾ ਕਿ ਸੀਰੀਆ 'ਚ ਜੰਗ ਦੇ ਹਾਲਾਤ ਖਤਮ ਨਹੀਂ ਹੋਏ ਹਨ। ਕੁਝ ਇਲਾਕਿਆਂ ਵਿਚ ਸੰਘਰਸ਼ ਘੱਟ ਹੈ, ਹਾਲਾਂਕਿ ਅਫਰਿਨ, ਇਦਲਿਬ ਦੇ ਕੁਝ ਹਿੱਸਿਆਂ, ਦਮਿਸ਼ਕ ਅਤੇ ਉਸ ਦੇ ਉੱਪ ਨਗਰਾਂ ਸਮੇਤ ਪੂਰੀ ਘੋਤਾ ਵਿਚ ਹਿੰਸਾ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਸੀਰੀਆਈ ਲੋਕਾਂ ਦੀ ਮੌਤ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਤੋਂ ਵੀ ਬਹੁਤ ਨਿਰਾਸ਼ ਹਾਂ, ਜਿਨ੍ਹਾਂ ਨੇ ਸਾਲ ਦਰ ਸਾਲ ਇਸ ਨੂੰ ਹੋਣ ਦਿੱਤਾ।'' ਐਂਤੋਨੀਓ ਪਿਛਲੇ ਮਹੀਨੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤੇ ਗਏ ਸੁਰੱਖਿਆ ਪਰੀਸ਼ਦ ਪ੍ਰਸਤਾਵ 2401 ਨੂੰ ਲਾਗੂ ਕੀਤੇ ਜਾਣ 'ਤੇ ਪਰੀਸ਼ਦ ਨੂੰ ਸੰਬੋਧਿਤ ਕਰ ਰਹੇ ਸਨ। ਐਂਤੋਨੀਓ ਨੇ ਕਿਹਾ ਕਿ ਸੀਰੀਆ 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਹੋਰ ਸਾਲ ਦੀ ਤੁਲਨਾ ਵਿਚ 2017 'ਚ ਸਭ ਤੋਂ ਵਧ ਬੱਚੇ ਮਾਰੇ ਗਏ। ਉਨ੍ਹਾਂ ਨੇ ਸੀਰੀਆ ਦੇ ਪੂਰਬੀ ਘੋਤਾ 'ਚ ਹਾਲ ਹੀ 'ਚ ਹੋਏ ਰਸਾਇਣਕ ਹਥਿਆਰ ਹਮਲੇ ਸੰਬੰਧੀ ਖ਼ਬਰਾਂ ਦੀ ਵੀ ਨਿੰਦਾ ਕੀਤੀ।
