ਮਾਈਗ੍ਰੇਸ਼ਨ ਪਾਲਸੀ ਨੂੰ ਲੈ ਕੇ ਮੈਕਸੀਕੋ ''ਚ ਟਰੰਪ ਖਿਲਾਫ ਰੋਸ-ਮੁਜ਼ਾਹਰੇ, ਵੋਟ ਨਾ ਦੇਣ ਦੀ ਕੀਤੀ ਅਪੀਲ
Monday, Nov 02, 2020 - 01:41 AM (IST)
ਮੈਕਸੀਕੋ ਸਿਟੀ - ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਿਚ ਹੁਣ 1 ਦਿਨ ਹੀ ਬਾਕੀ ਹੈ। ਅਜਿਹੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਰੋਸ-ਮੁਜ਼ਾਹਰੇ ਵੀ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੈਕਸੀਕੋ ਵਿਚ ਸਾਹਮਣੇ ਆਇਆ ਹੈ। ਇਥੇ ਰਾਸ਼ਟਰਪਤੀ ਟਰੰਪ ਖਿਲਾਫ ਜਮ੍ਹ ਕੇ ਰੋਸ-ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਟਰੰਪ ਦਾ ਪੁਤਲਾ ਵੀ ਸਾੜਿਆ। ਇਸ ਦੌਰਾਨ ਟਰੰਪ ਦੀ ਮਾਈਗ੍ਰੇਸ਼ਨ ਪਾਲਸੀ ਖਿਲਾਫ ਗੁੱਸਾ ਜ਼ਾਹਿਰ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਅਮਰੀਕੀਆਂ ਤੋਂ ਰਾਸ਼ਟਰਪਤੀ ਚੋਣਾਂ ਵਿਚ ਇਸ ਪਾਲਸੀ ਖਿਲਾਫ ਵੋਟ ਕਰਨ ਦੀ ਅਪੀਲ ਕੀਤੀ।
ਕੀ ਕਿਹਾ ਰੋਸ-ਪ੍ਰਦਰਸ਼ਨ ਕਰਨ ਵਾਲਿਆਂ ਨੇ
ਤਿਜ਼ੁਆਨਾ ਤੋਂ ਸਮੁੰਦਰ ਤੱਟ ਤੱਕ ਮਾਰਚ ਕੱਢਣ ਵਾਲੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਦੀ ਸੀਮਾ ਨੀਤੀ ਮਨਜ਼ੂਰ ਨਹੀਂ ਹੈ। ਇਸ ਤੋਂ ਬਾਅਦ ਟਰੰਪ ਦਾ ਪੁੱਤਲਾ ਸਾੜਿਆ ਗਿਆ। ਮੈਕਸੀਕਨ ਅਮਰੀਕੀ ਮੂਲ ਦੇ ਹਿਊਗੋ ਕਾਸਤ੍ਰੋ ਨੇ ਆਖਿਆ ਕਿ ਅਸੀਂ ਲੋਕਾਂ ਤੋਂ ਟਰੰਪ ਖਿਲਾਫ ਅਤੇ ਇਕ ਉਮੀਦ ਦੇ ਪੱਖ ਵਿਚ ਵੋਟਿੰਗ ਕਰਨ ਦੀ ਅਪੀਲ ਕਰ ਰਹੇ ਹਾਂ। ਜੋਅ ਬਾਇਡੇਨ ਨੇ ਸਾਨੂੰ ਮਾਈਗ੍ਰੇਸ਼ਨ ਪਾਲਸੀ ਵਿਚ ਸੁਧਾਰ ਕਰਨ ਦਾ ਵਾਅਦਾ ਕੀਤਾ ਹੈ। ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਦੇ ਬਾਇਡੇਨ ਵਿਚਾਲੇ ਇਸ ਮੁੱਦੇ 'ਤੇ ਚਰਚਾ ਚੱਲ ਰਹੀ ਹੈ। ਟਰੰਪ ਮੈਕਸੀਕੋ ਤੋਂ ਗੈਰ-ਕਾਨੂੰਨੀ ਮਾਈਗ੍ਰੇਸ਼ਨ ਰੋਕਣ ਦੇ ਵਾਅਦੇ ਦੇ ਨਾਲ ਮੈਦਾਨ ਵਿਚ ਹਨ। ਟਰੰਪ ਦਾ ਦੋਸ਼ ਹੈ ਕਿ ਗੈਰ-ਕਾਨੂੰਨੀ ਮਾਈਗ੍ਰੇਸ਼ਨ ਦੇ ਜ਼ਰੀਏ ਬਲਾਤਕਾਰੀ ਅਤੇ ਹੱਤਿਆਰੇ ਅਮਰੀਕਾ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕਰਦੇ ਹਨ।