ਬ੍ਰਿਟੇਨ ਸਰਕਾਰ ਦੀ ਪਾਰਟੀ ’ਚ ‘ਮੁਸਲਿਮ ਵਿਰੋਧੀ ਭਾਵਨਾਵਾਂ’ ਵੱਡੀ ਸਮੱਸਿਆ : ਰਿਪੋਰਟ
Wednesday, May 26, 2021 - 01:54 PM (IST)
ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ’ਚ ਮੁਸਲਿਮ ਵਿਰੋਧੀ ਭਾਵਨਾਵਾਂ ਹੁਣ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਦਾਅਵਾ ਮੰਗਲਵਾਰ ਨੂੰ ਖਤਮ ਹੋਈ ਇਕ ਆਜ਼ਾਦ ਜਾਂਚ ’ਚ ਕੀਤਾ ਗਿਆ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਤਕਰੀਬਨ ਦੋ ਸਾਲ ਪਹਿਲਾਂ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰਵਾਈ ਸੀ ਕਿ ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਇਸਲਾਮ ਪ੍ਰਤੀ ਨਫਰਤ ਦੇ ਦੋਸ਼ਾਂ ਸਮੇਤ ਭੇਦਭਾਵ ਨਾਲ ਨਿਪਟਣ ਲਈ ਕੋਈ ਪ੍ਰਤੀਕਿਰਿਆ ਦੇ ਰਹੀ ਹੈ ਜਾਂ ਨਹੀਂ। ਭਾਰਤੀ ਮੂਲ ਦੇ ਸਿੱਖਿਆ ਵਿਦਵਾਨ ਤੇ ਸਾਬਕਾ ਮਨੁੱਖੀ ਅਧਿਕਾਰ ਕਮਿਸ਼ਨਰ ਪ੍ਰੋ. ਸਵਰਣ ਸਿੰਘ ਦੀ ਅਗਵਾਈ ’ਚ ਹੋਈ ਜਾਂਚ ’ਚ ਕਿਹਾ ਗਿਆ ਕਿ ਪਾਰਟੀ ਲੀਡਰਸ਼ਿਪ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਪ੍ਰਤੀ ‘ਕਦੇ ਵੀ ਬਰਦਾਸ਼ਤ ਨਾ ਕਰਨ ਵਾਲੀ’ ਨੀਤੀ ਦਾ ਦਾਅਵਾ ਕਰਦੀ ਹੈ ਪਰ ਭੇਦਭਾਵਪੂਰਨ ਤੇ ਸੰਵੇਦਨਹੀਣ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਸ਼ੇਕਸਪੀਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਰਿਪੋਰਟ ਦੀ ਪ੍ਰਸਤਾਵਨਾ ’ਚ ਪ੍ਰੋ. ਸਿੰਘ ਨੇ ਬ੍ਰਿਟਿਸ਼ ਸਿੱਖ ਦੇ ਤੌਰ ’ਤੇ ਆਪਣੇ ਖੁਦ ਦੇ ਤਜਰਬਿਆਂ ਨੂੰ ਬਿਆਨ ਕੀਤਾ ਹੈ ਤੇ ਸਿਰਫ ‘ਇਸਲਾਮ ਨਾਲ ਭੇਦਭਾਵ’ ਤੋਂ ਪਰ੍ਹੇ ਜਾ ਕੇ ਸਾਰੇ ਤਰ੍ਹਾਂ ਦੇ ਭੇਦਭਾਵਾਂ ਨੂੰ ਸ਼ਾਮਲ ਕਰਨ ਦੇ ਪਿੱਛੇ ਦੇ ਤਰਕਾਂ ਨੂੰ ਵੀ ਪੇਸ਼ ਕੀਤਾ ਹੈ। ਯੂਨੀਵਰਸਿਟੀ ਆਫ ਵਾਰਵਿਕ ’ਚ ਸਮਾਜਿਕ ਤੇ ਭਾਈਚਾਰਕ ਮਨੋਵਿਗਿਆਨ ਦੇ ਪ੍ਰੋਫੈਸਰ ਸਿੰਘ ਨੇ ਕਿਹਾ ਕਿ ਮੈਂ 30 ਸਾਲ ਤੋਂ ਵੱਧ ਸਮੇਂ ਤੋਂ ਬ੍ਰਿਟੇਨ ’ਚ ਰਹਿ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਪੱਗ ਬੰਨ੍ਹਦਾ ਸੀ, ਜਿਸ ਕਾਰਨ ਕਈ ਲੋਕ ਧਾਰਨਾ ਬਣਾਉਂਦੇ ਸਨ ਕਿ ਮੈਂ ਮੁਸਲਿਮ ਹਾਂ। ਉਨ੍ਹਾਂ ਸ਼ੁਰੂਆਤੀ ਸਾਲਾਂ ’ਚ ਬ੍ਰਿਟਿਸ਼ ਸਮਾਜ ਦੇ ਵੱਖ ਵੱਖ ਤਬਕਿਆਂ ’ਚ ਨਸਲਵਾਦ ਦੇ ਹੱਕ ’ਚ ਉਠ ਰਹੇ ਵਿਚਾਰਾਂ ਨੂੰ ਮਹਿਸੂਸ ਕੀਤਾ।
ਇਕ ਵਾਰ ਇਕ ਸਹਿ-ਕਰਮਚਾਰੀ ਨੇ ਮੇਰੇ ਨਾਲ ਕੁੱਟਮਾਰ ਕੀਤੀ, ਭੈੜੇ ਸ਼ਬਦ ਬੋਲੇ ਤੇ ਕਿਹਾ ਕਿ ਜੇ ਮੈਨੂੰ ਇਹ ਪਸੰਦ ਨਹੀਂ ਹੈ ਤਾਂ ਮੈਨੂੰ ਘਰ ਚਲੇ ਜਾਣਾ ਚਾਹੀਦਾ ਹੈ। ਸਿੰਘ ਨੇ ਕਿਹਾ ਕਿ ਉਦੋਂ ਤੋਂ ਚੀਜ਼ਾਂ ਵਧੀਆ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ ਹੁਣ ਮੇਰਾ ਘਰ ਹੈ ਤੇ ਮੇਰੇ ਬੱਚਿਆਂ ਦਾ ਵੀ ਪਰ ਸ਼ਾਇਦ ਕਾਫ਼ੀ ਕੁਝ ਨਹੀਂ ਬਦਲਿਆ ਹੈ ਤੇ ਸਾਰੀਆਂ ਥਾਵਾਂ ’ਤੇ ਬਦਲਿਆ ਨਹੀਂ ਹੈ। ਮੈਨੂੰ ਉਮੀਦ ਹੈ ਕਿ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਪ੍ਰਮਾਣਿਕਤਾ ’ਤੇ ਸਵਾਲ ਉਠਾਉਣ ਵਾਲੇ ਇਸ ਗੱਲ ਨਾਲ ਆਸਵੰਦ ਹੋਣਗੇ ਕਿ ਮੈਂ ਜਿਥੇ ਮੁਸਲਿਮ ਵਿਰੋਧੀ ਭੇਦਭਾਵ ਦੇਖਿਆ, ਤਾਂ ਉਸ ਦਾ ਜ਼ਿਕਰ ਕਰਨ ਤੋਂ ਵੀ ਝਿਜਕਿਆ ਨਹੀਂ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਸ਼ੇਕਸਪੀਅਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸਿੰਘ ਤੇ ਉਨ੍ਹਾਂ ਦੀ ਟੀਮ ਨੇ 2015 ਤੋਂ 2020 ਦਰਮਿਆਨ 727 ਘਟਨਾਵਾਂ ਦੇ ਸਬੰਧ ’ਚ ਦਰਜ 1418 ਸ਼ਿਕਾਇਤਾਂ ਦਾ ਵਿਸ਼ਲੇਸ਼ਣ ਕੀਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭੇਦਭਾਵ ਦੀ ਪਛਾਣ, ਉਸ ਦਾ ਮੁਕਾਬਲਾ ਤੇ ਉਸ ਨੂੰ ਜੜ੍ਹੋਂ ਖਤਮ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੇ ਪਾਰਟੀ ਲੀਡਰਸ਼ਿਪ ਨੂੰ ਖੁਦ ਉਦਾਹਰਣ ਪੇਸ਼ ਕਰਦਿਆਂ ਇਸ ਵਿਚ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ। ਇਹ ਸਿਰਫ ਇਕ ਰਾਜਨੀਤਕ ਜ਼ਰੂਰਤ ਨਹੀਂ ਹੈ ਬਲਕਿ ਨੈਤਿਕ ਜ਼ਰੂਰਤ ਵੀ ਹੈ। ਕੰਜਰਵੇਟਿਵ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਰਿਪੋਰਟ ’ਚ ਦਿੱਤੀ ਗਈ ਸਿਫਾਰਿਸ਼ ’ਤੇ ਵਿਚਾਰ ਕਰ ਰਹੀ ਹੈ।