ਕੈਨੇਡਾ : ਪਹਿਲੀ ਵਾਰ ਗ੍ਰੀਨ ਪਾਰਟੀ ਦੀ ਪ੍ਰਧਾਨ ਬਣੀ ਗੈਰ-ਗੋਰੀ ਮੂਲ ਦੀ ਬੀਬੀ

10/04/2020 10:52:52 PM

ਓਟਾਵਾ— ਕੈਨੇਡਾ ਦੀ ਗ੍ਰੀਨ ਪਾਰਟੀ ਨੇ ਟੋਰਾਂਟੋ ਦੀ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਐਨਮੀ ਪੌਲ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਐਨਮੀ ਪੌਲ ਨੇ 8ਵੀਂ ਬੈਲਟ 'ਚ ਵੋਟਾਂ ਦੇ ਵੱਡੇ ਫਰਕ ਨਾਲ ਦਮਿਤਰੀ ਲਾਸਕਰੇਸ ਨੂੰ ਹਰਾ ਦਿੱਤਾ। ਪੌਲ ਨੇ ਇਹ ਜਿੱਤ 12,090 ਵੋਟਾਂ ਨਾਲ ਹਾਸਲ ਕੀਤੀ, ਜਦੋਂ ਕਿ ਲਾਸਕਰੇਸ 10,081 ਵੋਟਾਂ ਹੀ ਹਾਸਲ ਕਰ ਸਕੇ।

ਪੌਲ, ਐਲਿਜ਼ਾਬੈਥ ਮੇਅ ਦੀ ਥਾਂ ਗ੍ਰੀਨ ਪਾਰਟੀ ਦੇ ਨਵੇਂ ਪ੍ਰਧਾਨ ਵਜੋਂ ਸੇਵਾਵਾਂ ਨਿਭਾਏਗੀ, ਜਿਨ੍ਹਾਂ ਨੇ 13 ਸਾਲ ਦੀਆਂ ਸੇਵਾਵਾਂ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਪੌਲ ਗੈਰ-ਗੋਰੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਨੇ ਕੈਨੇਡਾ ਦੀ ਵੱਡੀ ਸਿਆਸੀ ਪਾਰਟੀ ਦਾ ਆਗੂ ਬਣਨ ਦਾ ਮਾਣ ਹਾਸਲ ਕੀਤਾ ਹੈ। ਓਟਾਵਾ ਦੀ ਆਰਟ ਗੈਲਰੀ 'ਚ ਆਪਣੇ ਜੇਤੂ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਪੌਲ ਨੇ ਆਪਣੇ-ਆਪ ਨੂੰ ਗੁਲਾਮਾਂ ਦੀ ਸੰਤਾਨ ਅਤੇ ਨਿਆਂ ਦੀ ਲੜਾਈ ਲੜ ਰਹੇ ਆਦਿਵਾਸੀ ਲੋਕਾਂ ਦੀ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪੱਲ ਹਨ, ਜਿਨ੍ਹਾਂ ਨੂੰ ਉਹ ਹਮੇਸ਼ਾ ਯਾਦ ਰੱਖੇਗੀ।

ਪੌਲ ਇਕ ਨੌਨ-ਪ੍ਰੈਕਟੀਸਿੰਗ ਵਕੀਲ ਹੈ, ਜਿਸ ਨੇ ਆਪਣਾ ਜ਼ਿਆਦਾਤਰ ਕਰੀਅਰ ਕੌਮਾਂਤਰੀ ਸੰਸਥਾਵਾਂ 'ਚ ਗੁਜ਼ਾਰਿਆ ਹੈ, ਜਿਨ੍ਹਾਂ 'ਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਤੇ ਕੈਨੇਡਾ ਦਾ ਯੂਰਪੀ ਯੂਨੀਅਨ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ''ਮੇਰਾ ਜਨਮ ਟੋਰਾਂਟੋ 'ਚ ਹੋਇਆ, ਮੇਰੀ ਮਾਂ ਟੋਰਾਂਟੋ ਦੇ ਸਕੂਲਾਂ 'ਚ ਪੜ੍ਹਾਉਂਦੀ ਸੀ, ਮੇਰੀ ਦਾਦੀ ਟੋਰਾਂਟੋ ਸੈਂਟਰ ਦੇ ਹਸਪਤਾਲਾਂ 'ਚ ਇਕ ਫਰੰਟਲਾਈਨ ਸੇਵਾ ਕਰਮਚਾਰੀ ਵਜੋਂ ਕੰਮ ਕਰਦੀ ਸੀ। ਮੈਂ ਟੋਰਾਂਟੋ ਵਾਸੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਾਂਗੀ। ਲਿਬਰਲ ਪਾਰਟੀ ਨੇ ਇਸ ਹਲਕੇ ਦੀ ਅਣਦੇਖੀ ਕੀਤੀ ਹੈ, ਜੋ ਪਿਛਲੇ 27 ਸਾਲਾਂ ਤੋਂ ਚਲੀ ਆ ਰਹੀ ਹੈ''


Sanjeev

Content Editor

Related News