ਭਾਰਤੀ ਮੂਲ ਦੇ ਨਾਸਾ ਪੁਲਾੜ ਯਾਤਰੀ ਅਨਿਲ ਮੈਨਨ 14 ਜੁਲਾਈ ਨੂੰ ਹੋਣਗੇ ਰਵਾਨਾ; ਕਰਨਗੇ ਵਿਗਿਆਨਕ ਪ੍ਰਯੋਗ
Friday, Jul 10, 2026 - 10:58 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ ਆਉਣ ਵਾਲੀ 14 ਜੁਲਾਈ ਨੂੰ ਇੱਕ ਇਤਿਹਾਸਕ ਮਿਸ਼ਨ ਲਈ ਰਵਾਨਾ ਹੋਣ ਜਾ ਰਹੇ ਹਨ। ਮੈਨਨ ਕਜ਼ਾਕਿਸਤਾਨ ਸਥਿਤ ਬੈਕਾਨੂਰ ਕੋਸਮੋਡਰੋਮ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਅੱਠ ਮਹੀਨਿਆਂ ਦੇ ਮਿਸ਼ਨ 'ਤੇ ਉਡਾਣ ਭਰਨਗੇ।
49 ਸਾਲਾ ਅਨਿਲ ਮੈਨਨ ਦਾ ਜਨਮ ਮਿਨੀਆਪੋਲਿਸ ਵਿੱਚ ਯੂਕਰੇਨੀ ਅਤੇ ਭਾਰਤੀ ਪ੍ਰਵਾਸੀ ਮਾਤਾ-ਪਿਤਾ ਦੇ ਘਰ ਹੋਇਆ ਸੀ। ਉਹ ਇੱਕ ਪੁਲਾੜ ਯਾਤਰੀ ਹੋਣ ਦੇ ਨਾਲ-ਨਾਲ ਐਮਰਜੈਂਸੀ ਮੈਡੀਸਨ ਦੇ ਡਾਕਟਰ ਅਤੇ ਅਮਰੀਕੀ ਪੁਲਾੜ ਫੋਰਸ ਵਿੱਚ ਕਰਨਲ ਵੀ ਹਨ। ਉਨ੍ਹਾਂ ਨੇ ਅਮਰੀਕੀ ਹਵਾਈ ਸੈਨਾ ਵਿੱਚ ਸੇਵਾ ਨਿਭਾਉਂਦੇ ਹੋਏ ਅਫਗਾਨਿਸਤਾਨ ਵਿੱਚ ਮੋਰਚਾ ਸੰਭਾਲਿਆ ਅਤੇ ਮਾਊਂਟ ਐਵਰੇਸਟ 'ਤੇ ਪਰਬਤਾਰੋਹੀਆਂ ਦਾ ਇਲਾਜ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਇੱਕ ਸਾਲ ਲਈ ਭਾਰਤ ਵਿੱਚ 'ਰੋਟਰੀ ਐੰਬੈਸਡੋਰੀਅਲ ਸਕਾਲਰ' ਵਜੋਂ ਵੀ ਰਹੇ ਹਨ, ਜਿੱਥੇ ਉਨ੍ਹਾਂ ਨੇ ਪੋਲੀਓ ਟੀਕਾਕਰਨ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਮੈਨਨ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਸੋਯੂਜ਼ MS-29 ਪੁਲਾੜ ਯਾਨ ਰਾਹੀਂ ਯਾਤਰਾ ਕਰਨਗੇ। ਇਸ ਮਿਸ਼ਨ ਵਿੱਚ ਉਨ੍ਹਾਂ ਦੇ ਨਾਲ ਦੋ ਰੂਸੀ ਪੁਲਾੜ ਯਾਤਰੀ, ਅੰਨਾ ਕਿਕਿਨਾ ਅਤੇ ਪਿਓਤਰ ਦੁਬਰੋਵ ਵੀ ਸ਼ਾਮਲ ਹੋਣਗੇ। ਮੈਨਨ ਦੀ ਪਤਨੀ ਅੰਨਾ ਵਿਲਹੈਲਮ ਵੀ ਇੱਕ ਪੁਲਾੜ ਯਾਤਰੀ ਹੈ, ਜਿਨ੍ਹਾਂ ਨੇ ਸਤੰਬਰ 2024 ਵਿੱਚ ਇੱਕ ਨਿੱਜੀ ਪੁਲਾੜ ਮਿਸ਼ਨ ਰਾਹੀਂ ਯਾਤਰਾ ਕੀਤੀ ਸੀ। ਮੈਨਨ ਨੂੰ ਦਸੰਬਰ 2021 ਵਿੱਚ ਨਾਸਾ ਦੇ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ ਅਤੇ ਅਗਲੇ ਮਹੀਨੇ ਦੋ ਸਾਲਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਵ੍ਹਾਈਟ ਹਾਊਸ ਵਿਖੇ UFC ਪ੍ਰੋਗਰਾਮ 'ਤੇ ਹਮਲਾ ਕਰਨ ਦੀ ਸਾਜ਼ਿਸ਼! ਅੱਠ ਲੋਕਾਂ 'ਤੇ ਕਤਲ ਤੇ ਅੱਤਵਾਦ ਦੇ ਦੋਸ਼
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਆਪਣੇ ਠਹਿਰਾਅ ਦੌਰਾਨ ਮੈਨਨ ਕਈ ਮਹੱਤਵਪੂਰਨ ਵਿਗਿਆਨਕ ਪ੍ਰਯੋਗ ਕਰਨਗੇ, ਜਿਸ ਵਿੱਚ ਸ਼ਾਮਲ ਹਨ:
ਮਨੁੱਖੀ ਸਰੀਰ 'ਤੇ ਪ੍ਰਭਾਵ: ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹਿਣ ਕਾਰਨ ਮਨੁੱਖੀ ਸਰੀਰ, ਖੂਨ ਦੇ ਪ੍ਰਵਾਹ ਅਤੇ ਨਸਾਂ ਦੀ ਬਣਤਰ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ।
ਮੈਡੀਕਲ ਤਕਨਾਲੋਜੀ: ਪੁਲਾੜ ਸਟੇਸ਼ਨ ਦੇ ਪੀਣ ਵਾਲੇ ਪਾਣੀ ਦੀ ਵਰਤੋਂ ਕਰਕੇ ਦਵਾਈਆਂ (IV fluids) ਤਿਆਰ ਕਰਨ ਦੀ ਤਕਨੀਕ ਦਾ ਪ੍ਰੀਖਣ ਅਤੇ AI ਆਧਾਰਿਤ ਅਲਟਰਾਸਾਊਂਡ ਜਾਂਚ।
ਤਕਨੀਕੀ ਖੋਜ: ਹਾਈ-ਪਰਫਾਰਮੈਂਸ ਕੰਪਿਊਟਰਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ ਲੋੜੀਂਦੇ ਸੈਮੀਕੰਡਕਟਰ ਕ੍ਰਿਸਟਲ ਦੇ ਉਤਪਾਦਨ ਨੂੰ ਬਿਹਤਰ ਬਣਾਉਣ 'ਤੇ ਖੋਜ।
ਮੈਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਨਾਸਾ ਵਿੱਚ ਫਲਾਈਟ ਸਰਜਨ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਐਲਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਵੀ ਜੁੜੇ, ਜਿੱਥੇ ਉਨ੍ਹਾਂ ਨੇ ਮੈਡੀਕਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਟਾਰਸ਼ਿਪ ਵਰਗੇ ਵੱਡੇ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
