''ਮੈਨੂੰ ਘੱਟੋ-ਘੱਟ 8 ਨੋਬਲ ਮਿਲਣੇ ਚਾਹੀਦੇ..!'', ਭਾਰਤੀ ਮੂਲ ਦੀ ਨਵੀ ਨੂੰ ਨੋਬਲ ਪੁਰਸਕਾਰ ਮਿਲਣ ''ਤੇ ਭੜਕੇ ਟਰੰਪ
Saturday, Oct 10, 2026 - 02:09 PM (IST)
ਇੰਟਰਨੈਸ਼ਨਲ ਡੈਸਕ- ਨਾਰਵੇਜਿਅਨ ਨੋਬਲ ਕਮੇਟੀ ਵੱਲੋਂ ਸਾਲ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਜੱਜ ਨਵੀ ਪਿੱਲੇ ਨੂੰ ਦਿੱਤਾ ਗਿਆ ਹੈ। ਕਮੇਟੀ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਲੰਮੀ-ਚੌੜੀ ਪੋਸਟ ਲਿਖ ਕੇ ਨੋਬਲ ਕਮੇਟੀ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਦੁਨੀਆ ਭਰ ਦੀਆਂ 8 ਵੱਡੀਆਂ ਜੰਗਾਂ ਨੂੰ ਖ਼ਤਮ ਕਰਵਾਉਣ ਲਈ ਉਹ ਖੁਦ 8 ਨੋਬਲ ਪੁਰਸਕਾਰਾਂ ਦੇ ਹੱਕਦਾਰ ਸਨ।
ਟਰੰਪ ਨੇ ਨਵੀ ਪਿੱਲੇ ਦੀ ਯੋਗਤਾ 'ਤੇ ਸਵਾਲ ਚੁੱਕਦਿਆਂ ਕਿਹਾ, "ਇਹ ਉਹ ਔਰਤ ਹੈ ਜਿਸ ਨੂੰ ਮਹਾਨ ਅਮਰੀਕਾ ਅਤੇ ਉਸ ਦੇ ਰਾਸ਼ਟਰਪਤੀ ਤੋਂ ਉੱਪਰ ਰੱਖ ਕੇ ਨੋਬਲ ਪੁਰਸਕਾਰ ਦਿੱਤਾ ਗਿਆ ਹੈ, ਜਦੋਂ ਕਿ ਮੈਂ 8 ਜੰਗਾਂ ਨੂੰ ਖ਼ਤਮ ਕਰਵਾਇਆ ਹੈ। ਮੈਂ ਇਸ ਔਰਤ ਬਾਰੇ ਕੁੱਝ ਨਹੀਂ ਜਾਣਦਾ ਅਤੇ ਨਾ ਹੀ ਕੋਈ ਹੋਰ ਜਾਣਦਾ ਹੈ... ਇਸ ਤੋਂ ਇਲਾਵਾ ਉਹ ਇਜ਼ਰਾਈਲ ਨਾਲ ਸਖ਼ਤ ਨਫ਼ਰਤ ਕਰਦੀ ਹੈ।"
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੰਬੋਡੀਆ-ਥਾਈਲੈਂਡ, ਕੋਸੋਵੋ-ਸਰਬੀਆ, ਕੋਂਗੋ-ਰਵਾਂਡਾ, ਭਾਰਤ-ਪਾਕਿਸਤਾਨ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ, ਅਰਮੀਨੀਆ-ਅਜ਼ਰਬਾਈਜਾਨ ਅਤੇ ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੀਆਂ 8 ਵੱਡੀਆਂ ਜੰਗਾਂ ਨੂੰ ਖਤਮ ਕਰਵਾਇਆ ਹੈ। ਉਨ੍ਹਾਂ ਲਿਖਿਆ, "ਅਸਲ 'ਚ ਮੈਨੂੰ 1 ਨਹੀਂ, ਸਗੋਂ 8 ਨੋਬਲ ਸ਼ਾਂਤੀ ਪੁਰਸਕਾਰ ਮਿਲਣੇ ਚਾਹੀਦੇ ਸਨ।" ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਹ ਜੰਗਾਂ ਬਿਨਾਂ UN ਦੀ ਮਦਦ ਤੋਂ ਖ਼ਤਮ ਕਰਵਾਈਆਂ ਹਨ। ਉਨ੍ਹਾਂ ਨੋਬਲ ਕਮੇਟੀ ਦੇ ਫੈਸਲੇ ਨੂੰ ਨਾਰਵੇ ਲਈ ਇੱਕ ਦਾਗ਼ ਦੱਸਿਆ।
ਇਹ ਵੀ ਪੜ੍ਹੋ- 75 ਸਾਲਾਂ 'ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ! ਜ਼ਬਰਦਸਤ ਝਟਕਿਆਂ ਨਾਲ ਕੰਬਿਆ ਪਨਾਮਾ, ਸਕੂਲਾਂ-ਦਫ਼ਤਰਾਂ 'ਚ ਛੁੱਟੀ
ਹਾਲਾਂਕਿ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਕ੍ਰੈਡਿਟ ਲੈਣ ਦੇ ਟਰੰਪ ਦੇ ਦਾਅਵੇ ਨੂੰ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਨਵੀਂ ਦਿੱਲੀ ਨੇ ਸਪੱਸ਼ਟ ਕੀਤਾ ਹੈ ਕਿ ਬੀਤੇ ਸਾਲ 7 ਮਈ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ, 10 ਮਈ ਨੂੰ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਨੇ ਖੁਦ ਭਾਰਤੀ DGMO ਨਾਲ ਸੰਪਰਕ ਕਰਕੇ ਫੌਜੀ ਕਾਰਵਾਈ ਰੋਕਣ ਦੀ ਬੇਨਤੀ ਕੀਤੀ ਸੀ। ਭਾਰਤ ਨੇ ਕਿਸੇ ਵੀ ਤੀਜੀ ਧਿਰ ਜਾਂ ਬਾਹਰੀ ਵਿਚੋਲਗੀ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਕੌਣ ਹੈ ਨੋਬਲ ਜੇਤੂ ਨਵੀ ਪਿੱਲੇ ?
ਨਵੀ ਪਿੱਲੇ 2008 ਤੋਂ 2014 ਤੱਕ ਸੰਯੁਕਤ ਰਾਸ਼ਟਰ ਦੀ 'ਹਾਈ ਕਮਿਸ਼ਨਰ ਫ਼ਾਰ ਹਿਊਮਨ ਰਾਈਟਸ' ਰਹਿ ਚੁੱਕੇ ਹਨ। ਦੱਖਣੀ ਅਫ਼ਰੀਕਾ ਦੀ ਹਾਈ ਕੋਰਟ ਦੀ ਪਹਿਲੀ ਅਸ਼ਵੇਤ ਮਹਿਲਾ ਜੱਜ ਰਹਿਣ ਤੋਂ ਇਲਾਵਾ ਉਹ 'ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਫ਼ਾਰ ਰਵਾਂਡਾ' (ICTR) ਅਤੇ 'ਇੰਟਰਨੈਸ਼ਨਲ ਕ੍ਰਿਮੀਨਲ ਕੋਰਟ' (ICC) ਦੀ ਜੱਜ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਨੋਰਵੇਜਿਅਨ ਨੋਬਲ ਕਮੇਟੀ ਨੇ ਨਵੀ ਪਿੱਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਜੰਗੀ ਅਪਰਾਧਾਂ, ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਨਸਲਕੁਸ਼ੀ ਖ਼ਿਲਾਫ਼ ਇਨਸਾਫ਼ ਦਵਾਉਣ 'ਚ ਬੇਮਿਸਾਲ ਹਿੰਮਤ ਦਿਖਾਈ ਹੈ।
ਇਹ ਵੀ ਪੜ੍ਹੋ- ਭਾਰਤ ਸਣੇ ਪੂਰੀ ਦੁਨੀਆ 'ਤੇ ਪਾਬੰਦੀਆਂ ਲਾ ਕੇ ਹੁਣ ਖ਼ੁਦ ਰੂਸ ਤੋਂ ਤੇਲ ਖਰੀਦੇਗਾ ਅਮਰੀਕਾ ! ਹਰ ਪਾਸੇ ਛਿੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
