ਸਕਾਟਲੈਂਡ: ਅਨਸ ਸਰਵਰ ਨੇ ਦਿੱਤਾ ਕੋਰੋਨਾ ਵੈਕਸੀਨ ਦੀਆਂ 2 ਖ਼ੁਰਾਕਾਂ ਵਿਚਲੇ ਵਕਫੇ ਨੂੰ ਘਟਾਉਣ ਦਾ ਸੁਝਾਅ
Monday, Jul 05, 2021 - 04:42 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਵਿਚ ਕੋਰੋਨਾ ਟੀਕਾਕਰਨ ਪ੍ਰਕਿਰਿਆ ਜਾਰੀ ਹੈ, ਪਰ ਇਸ ਦੇ ਬਾਵਜੂਦ ਵੀ ਕਈ ਖੇਤਰਾਂ ਵਿਚ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਇਹਨਾਂ ਖੇਤਰਾਂ ਵਿਚ ਗਲਾਸਗੋ ਵੀ ਸ਼ਾਮਲ ਹੈ। ਕੋਰੋਨਾ ਦੀ ਲਾਗ ਦੇ ਵਾਧੇ ਨੂੰ ਫੈਲਣ ਤੋਂ ਰੋਕਣ ਲਈ ਇਸਦੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਬਹੁਤ ਜ਼ਰੂਰੀ ਹਨ। ਇਸ ਕਰਕੇ ਸਕਾਟਲੈਂਡ 'ਚ ਲੇਬਰ ਪਾਰਟੀ ਦੇ ਲੀਡਰ ਅਨਸ ਸਰਵਰ ਵੱਲੋਂ ਕੋਵਿਡ ਟੀਕੇ ਦੀ ਪਹਿਲੀ ਅਤੇ ਦੂਜੀ ਖ਼ੁਰਾਕ ਦਿੱਤੀ ਜਾਣ ਦੇ ਵਿਚਕਾਰਲੇ ਮੌਜੂਦਾ ਸਮੇਂ ਨੂੰ ਘਟਾ ਕੇ ਅੱਧਾ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਾਇਰਸ ਦੀ ਲਾਗ ਨੂੰ ਰੋਕਣ ਦੀ ਕੋਸ਼ਿਸ਼ ਵਿਚ ਸਾਰੇ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਮੁਹਿੰਮ ਵਿਚ ਤੇਜ਼ੀ ਆ ਸਕੇ।
ਸਰਵਰ ਨੇ ਕਿਹਾ ਕਿ ਸਰਕਾਰ ਵੱਲੋਂ ਵਾਇਰਸ ਨੂੰ ਨਿਯੰਤਰਣ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ ਅਤੇ ਇਸ ਨੂੰ ਕਾਬੂ ਕਰਨ ਲਈ ਟੀਕਾ ਪ੍ਰੋਗਰਾਮ ਦੀ ਰਫ਼ਤਾਰ ਨੂੰ ਵਧਾਉਣਾ ਜ਼ਰੂਰੀ ਹੈ। ਅਨਸ ਸਰਵਰ ਚਾਹੁੰਦੇ ਹਨ ਕਿ ਸਕਾਟਲੈਂਡ ਦੀ ਸੰਸਦ, ਸੰਸਦ ਮੈਂਬਰਾਂ ਨੂੰ ਸਕਾਟਲੈਂਡ ਦੀ ਸਰਕਾਰ ਤੋਂ ਵਾਇਰਸ ਦੇ ਵੱਧ ਰਹੇ ਮਾਮਲਿਆਂ ਬਾਰੇ ਪੁੱਛ-ਗਿੱਛ ਕਰਨ ਦਾ ਮੌਕੇ ਦੇਵੇ। ਇਸ ਦੇ ਇਲਾਵਾ ਸਰਵਰ ਅਨੁਸਾਰ ਟੀਕਾਕਰਨ ਕਲੀਨਿਕਾਂ ਵਿਚ ਵੈਕਸੀਨ ਲਈ ਮੁਲਾਕਾਤਾਂ ਵਿਚ ਦੇਰੀ ਕੀਤੀ ਗਈ ਹੈ ਅਤੇ ਟੀਕੇ ਦੀ ਸਪਲਾਈ ਪੂਰੀ ਤਰ੍ਹਾਂ ਨਹੀਂ ਵਰਤੀ ਗਈ ਹੈ। ਜਦਕਿ ਸਕਾਟਲੈਂਡ ਦੀ ਸਰਕਾਰ ਨੇ ਕਿਹਾ ਕਿ ਸਪਲਾਈ ਸੀਮਤ ਹੈ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਜਿੰਨਾ ਹੋ ਸਕਦਾ ਹੈ ਤੇਜ਼ ਕੀਤਾ ਜਾ ਰਿਹਾ ਹੈ।
ਸਰਵਰ ਨੇ ਕਿਹਾ ਕਿ ਟੀਕੇ ਦੀ ਪਹਿਲੀ ਅਤੇ ਦੂਜੀ ਖ਼ੁਰਾਕ ਵਿਚਕਾਰ ਇੰਤਜ਼ਾਰ ਦਾ ਸਮਾਂ ਘਟਾਉਣ ਨਾਲ ਲੋਕਾਂ ਨੂੰ ਤੇਜ਼ੀ ਨਾਲ ਸੁਰੱਖਿਅਤ ਕਰ ਸਕਦੇ ਹਾਂ। ਜਦਕਿ ਸਿਹਤ ਸੱਕਤਰ ਹਮਜ਼ਾ ਯੂਸਫ਼ ਦੇ ਇਕ ਬੁਲਾਰੇ ਅਨੁਸਾਰ ਖ਼ੁਰਾਕਾਂ ਵਿਚਲਾ ਅੱਠ ਹਫ਼ਤਿਆਂ ਦਾ ਅੰਤਰਾਲ ਟੀਕਾਕਰਨ ਸਬੰਧੀ ਸਾਂਝੀ ਕਮੇਟੀ (ਜੇ.ਸੀ.ਵੀ.ਆਈ) ਦੀ ਸਲਾਹ ਸੀ, ਜੋ ਕਿ ਸਾਰੇ ਯੂਕੇ ਵਿਚ ਟੀਕਾਕਰਨ ਪ੍ਰੋਗਰਾਮ ਦੀ ਇੰਚਾਰਜ ਹੈ। ਇਸ ਬੁਲਾਰੇ ਅਨੁਸਾਰ ਇਹ ਵਕਫਾ ਅੱਠ ਹਫ਼ਤਿਆਂ ਤੋਂ ਘੱਟ ਹੋਣ ਨਾਲ ਟੀਕੇ ਦੀ ਪ੍ਰਭਾਵਸ਼ੀਲਤਾ ਉੱਪਰ ਫ਼ਰਕ ਪੈ ਸਕਦਾ ਹੈ।