ਲੰਡਨ ’ਚ ਭਾਰਤੀ ਦੁਕਾਨਦਾਰ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
Tuesday, Jan 09, 2018 - 09:28 PM (IST)

ਲੰਡਨ (ਏਜੰਸੀ)- ਇਥੋਂ ਦੇ ਇਕ ਸਟੋਰ ਮਾਲਕ ਭਾਰਤੀ ਵਿਅਕਤੀ ’ਤੇ 3 ਲੜਕਿਆਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੀ ਮਗਰੋਂ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਤਿੰਨੋ ਲੜਕੇ ਫਰਾਰ ਹੋ ਗਏ। ਭਾਰਤੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੈਟਰੋਪਾਲੀਟਨ ਪੁਲਸ ਅਤੇ ਮੁੱਖ ਅਪਰਾਧ ਦੇ ਇੱਕ ਡਿਟੈਕਟਿਵ ਇੰਸਪੈਕਟਰ ਇਆਨ ਲੋਟ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਲੰਡਨ ਦੀ ਹੈ, ਜਿਥੇ ਤਿੰਨ ਲੜਕਿਆਂ ਦਾ ਟੋਲਾ ਵਿਜੇ ਪਟੇਲ ਦੀ ਦੁਕਾਨ ’ਚ ਦਾਖਲ ਹੋਇਆ ਅਤੇ ਉਨ੍ਹਾਂ ਨੇ ਸਿਗਰੇਟ ਪੇਪਰ ਖਰੀਦਣ ਦੀ ਗੱਲ ਆਖੀ ਪਰ ਦੁਕਾਨਦਾਰ ਨੇ ਉਨ੍ਹਾਂ ਨੂੰ ਸਿਗਰੇਟ ਪੇਪਰ ਵੇਚਣ ਤੋਂ ਮਨਾਂ ਕਰ ਦਿੱਤਾ। ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਕਾਰਨ ਲੜਕੇ ਤੈਸ਼ ’ਚ ਆ ਗਏ ਅਤੇ ਉਨ੍ਹਾਂ ਦੁਕਾਨ ’ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਟੇਲ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੇ ਬਰੋਡਵੇਅ ਸਟੇਸ਼ਨ ਵੱਲ ਭੱਜ ਗਏ। ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਦੇ ਆਉਣ ਤੋਂ ਬਾਅਦ ਪਟੇਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮੁਲਜ਼ਮ ਤਿੰਨਾਂ ਲੜਕਿਆਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਭਾਲ ਕੀਤੀ ਜਾ ਰਹੀ ਹੈ।