‘ਕੋਰੋਨਾ’ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਨ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਆਈ ਸਾਹਮਣੇ

Monday, Jun 14, 2021 - 01:42 PM (IST)

‘ਕੋਰੋਨਾ’ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਨ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਆਈ ਸਾਹਮਣੇ

ਇੰਟਰਨੈਸ਼ਨਲ ਡੈਸਕ : ਕੋਰੋਨਾ ਵਰਗੇ ਖਤਰਨਾਕ ਵਾਇਰਸ ਦੀ ਉਤਪਤੀ ਨੂੰ ਲੈ ਕੇ ਦੁਨੀਆ ’ਚ ਜਿਥੇ ਵੱਖ-ਵੱਖ ਦੇਸ਼ਾਂ ਦੇ ਆਪੋ-ਆਪਣੇ ਵਿਚਾਰ ਹਨ, ਉਥੇ ਹੀ ਇਸ ਖਤਰਨਾਕ ਵਾਇਰਸ ਨੂੰ ਫੈਲਾਉਣ ਤੇ ਉਸ ਦੀ ਜਾਂਚ ’ਤੇ ਪਰਦਾ ਪਾਉਣ ’ਚ ਲੱਗੇ ਚੀਨ ਦੀ ਇਕ ਹੋਰ ਖਤਰਨਾਕ ਲਾਪ੍ਰਵਾਹੀ ਸਾਹਮਣੇ ਆਈ ਹੈ। ਇਕ ਰਿਪੋਰਟ ਦੇ ਅਨੁਸਾਰ ਚੀਨ ਦੇ ਪ੍ਰਮਾਣੂ ਪਾਵਰ ਪਲਾਂਟ ’ਚੋਂ ਲੀਕੇਜ ਦੀ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਸਰਕਾਰ ਤਕਰੀਬਨ ਇਕ ਹਫਤੇ ਤੋਂ ਇਸ ਰਿਪੋਰਟ ਨੂੰ ਲੈ ਕੇ ਜਾਂਚ ’ਚ ਰੁੱਝੀ ਹੋਈ ਹੈ। ਜ਼ਿਕਰਯੋਗ ਹੈ ਕਿ ਇੱਕ ਫ੍ਰੈਂਚ ਕੰਪਨੀ ਚੀਨੀ ਪ੍ਰਮਾਣੂ ਊਰਜਾ ਪਲਾਂਟ ’ਚ ਭਾਈਵਾਲ ਸੀ। ਇਸੇ ਕੰਪਨੀ ਨੇ ਲੀਕੇਜ ਦੇ ਰੇਡੀਓਲਾਜੀਕਲ ਖ਼ਤਰੇ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ।

ਇਹ ਵੀ ਪੜ੍ਹੋ : ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਨੀਆ ’ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ

ਇਸ ਸਬੰਧੀ ਅਮਰੀਕੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਤੇ ਇਸ ਕੇਸ ਨਾਲ ਜੁੜੇ ਦਸਤਾਵੇਜ਼ਾਂ ਨੂੰ ਵੇਖਣ ਤੋਂ ਬਾਅਦ ਇਕ ਅੰਗਰੇਜ਼ੀ ਨਿਊਜ਼ ਚੈਨਲ ਨੇ ਇਸ ਪੂਰੇ ਮਾਮਲੇ ਸਬੰਧੀ ਖੁਲਾਸਾ ਕੀਤਾ ਹੈ। ਫ੍ਰੈਂਚ ਕੰਪਨੀ ਨੇ ਇਹ ਵੀ ਕਿਹਾ ਕਿ ਚੀਨ ਦੇ ਗੁਆਂਗਡੋਂਗ ਸੂਬੇ ’ਚ ਇਹ ਪ੍ਰਮਾਣੂ ਬਿਜਲੀ ਘਰ ਬੰਦ ਨਾ ਹੋ ਜਾਵੇ, ਇਸ ਤੋਂ ਪਹਿਲਾਂ ਹੀ ਚੀਨੀ ਸੁਰੱਖਿਆ ਅਧਿਕਾਰੀਆਂ ਨੇ ਇਸ ਦੇ ਬਾਹਰ ਰੇਡੀਏਸ਼ਨ ਦੀ ਮਨਜ਼ੂਰੀ ਹੱਦ ਵਧਾ ਦਿੱਤੀ ਹੈ। ਫਰਾਂਸ ਦੀ ਕੰਪਨੀ ਨੇ ਇਸ ਸਬੰਧ ’ਚ ਅਮਰੀਕਾ ਦੇ ਊਰਜਾ ਵਿਭਾਗ ਨੂੰ ਚਿੱਠੀ ਲਿਖੀ ਹੈ। ਫਰਾਂਸ ਦੀ ਕੰਪਨੀ ਫ੍ਰੇਮਾਟੋਮ ਵੱਲੋਂ ਮਿਲੀ ਇਸ ਚਿੱਠੀ ਦੇ ਬਾਵਜੂਦ ਬਾਈਡੇਨ ਪ੍ਰਸ਼ਾਸਨ ਨੂੰ ਫਿਲਹਾਲ ਇਹ ਲੱਗ ਰਿਹਾ ਹੈ ਕਿ ਨਿਊਕਲੀਅਰ ਪਲਾਂਟ ’ਚ ਹਾਲਤ ਅਜੇ ਕਾਬੂ ’ਚ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਤ ਪਲਾਂਟ ’ਚ ਕੰਮ ਕਰਨ ਵਾਲਿਆਂ ਤੇ ਚੀਨੀ ਨਾਗਰਿਕਾਂ ਲਈ ਖਤਰਾ ਪੈਦਾ ਨਹੀਂ ਕਰ ਰਹੀ।

 ਇਹ ਵੀ ਪੜ੍ਹੋ : ਲੈਬ ’ਚੋਂ ‘ਕੋਰੋਨਾ’ ਦੀ ਉਤਪਤੀ ’ਤੇ ਬੋਰਿਸ ਜੋਹਨਸਨ ਦਾ ਵੱਡਾ ਬਿਆਨ

ਫਰਾਂਸ ਦੀ ਕੰਪਨੀ ਨਾਲ ਚੀਨ ਨੇ ਸਾਲ 2009 ’ਚ ਤਾਈਸ਼ਨ ਪਲਾਂਟ ਦੀ ਉਸਾਰੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਸਾਲ 2018 ਤੇ 2019 ’ਚ ਇਥੋਂ ਬਿਜਲੀ ਪੈਦਾ ਕਰਨੀ ਸ਼ੁਰੂ ਹੋਈ ਸੀ। ਇਸ ਸਮੇਂ ਹਾਲਤ ਖਤਰਨਾਕ ਨਾ ਹੋਵੇ ਪਰ ਇਹ ਮਸਲਾ ਚਿੰਤਾਜਨਕ ਜ਼ਰੂਰ ਹੈ। ਇਸ ਤੋਂ ਇਲਾਵਾ ਬਾਈਡੇਨ ਪ੍ਰਸ਼ਾਸਨ ਨੇ ਇਸ ਸਬੰਧੀ ਫਰਾਂਸ ਸਰਕਾਰ ’ਚ ਆਪਣੇ ਮਾਹਿਰਾਂ ਨਾਲ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਸਾਲਾਂ ’ਚ ਆਪਣੀ ਪ੍ਰਮਾਣੂ ਊਰਜਾ ਦੀ ਵਰਤੋਂ ਨੂੰ ਵੱਡੀ ਪੱਧਰ ’ਤੇ ਵਧਾਇਆ ਹੈ। ਪ੍ਰਮਾਣੂ ਊਰਜਾ ਦੇਸ਼ ’ਚ ਪੈਦਾ ਕੀਤੀ ਜਾਂਦੀ ਬਿਜਲੀ ਦਾ 5 ਫੀਸਦੀ ਹੈ। ਚੀਨ ਦੀ ਪ੍ਰਮਾਣੂ ਊਰਰਜਾ ਐਸੋਸੀਏਸ਼ਨ ਦੇ ਅਨੁਸਾਰ ਇਸ ਸਮੇਂ ਦੇਸ਼ ’ਚ 16 ਪ੍ਰਮਾਣੂ ਪਲਾਂਟ ਚੱਲ ਰਹੇ ਹਨ, ਜਿਥੋਂ 51,000 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਚੀਨ ਦੇ ਗੁਆਂਗਡੋਂਗ ਸੂਬੇ ਦੇ ਤਾਈਸ਼ਨ ਦੀ ਕੁਲ ਆਬਾਦੀ ਤਕਰੀਬਨ 9 ਲੱਖ 50 ਹਜ਼ਾਰ ਹੈ। ਅਮਰੀਕਾ ਇਸ ਮੁੱਦੇ ਨੂੰ ਲੈ ਕੇ ਚੀਨੀ ਸਰਕਾਰ ਨਾਲ ਵੀ ਸੰਪਰਕ ’ਚ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਕਿੰਨੀ ਗੱਲਬਾਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੀ ਕੰਪਨੀ ਨੇ ਇਹ ਚਿੱਠੀ ਅਜਿਹੇ ਸਮੇਂ ’ਚ ਲਿਖੀ ਹੈ, ਜਦੋਂ ਅਮਰੀਕਾ ਤੇ ਚੀਨ ਦਰਮਿਆਨ ਕੋਰੋਨਾ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਟਕਰਾਅ ਚੋਟੀ ’ਤੇ ਹੈ। 


author

Manoj

Content Editor

Related News