ਅੰਮ੍ਰਿਤਪਾਲ ਦੇ MP ਬਣਦੇ ਹੀ ਅਮਰੀਕਾ ਤੱਕ ਹਲਚਲ, ਰਿਹਾਈ ਲਈ ਕਮਲਾ ਹੈਰਿਸ ਨੂੰ ਮਿਲੇਗਾ ਅਮਰੀਕੀ ਸਿੱਖ ਅਟਾਰਨੀ

06/11/2024 11:59:03 AM

ਨਿਊਯਾਰਕ (ਰਾਜ ਗੋਗਨਾ)- ਖਾਲਿਸਤਾਨੀ ਸਮਰਥਕ ਅਤੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਲੋਕਸਭਾ ਚੋਣਾਂ ਜਿੱਤ ਚੁੱਕਾ ਹੈ। ਸੰਸਦ ਮੈਂਬਰ ਬਣਦੇ ਹੀ ਅੰਮ੍ਰਿਤਪਾਲ ਸਿੰਘ ਦੇ ਚਾਹੁਣ ਵਾਲੇ ਐਕਟਿਵ ਹੋ ਗਏ ਹਨ। ਹਾਲਾਤ ਇਹ ਹਨ ਕਿ ਅੰਮ੍ਰਿਤਪਾਲ ਨੂੰ ਲੈ ਕੇ ਹਲਚਲ ਅਮਰੀਕਾ ਤੱਕ ਵੀ ਵਧ ਗਈ ਹੈ। ਨਾਮਵਰ ਅਮਰੀਕੀ ਵਕੀਲ ਸ: ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਆਸਾਮ ਦੀ ਜੇਲ੍ਹ ਵਿੱਚ ਇਕ ਸਾਲ ਤੋ ਵੱਧ ਬੰਦ ਖਾਲਿਸਤਾਨੀ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਦੀ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਕੋਲ ਪਹੁੰਚ ਕੀਤੀ ਹੈ। 

ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਬੇਇਨਸਾਫ਼ੀ

PunjabKesari

ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ-ਸਾਹਿਬ ਸੀਟ ਤੋਂ ਜੇਲ੍ਹ ਵਿੱਚ ਨਜ਼ਰਬੰਦ ਹੁੰਦੇ ਹੋਏ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਨ-ਸਿੱਖ ਵਕੀਲ ਸ: ਜਸਪ੍ਰੀਤ ਸਿੰਘ ਨੂੰ ਅਮਰੀਕਾ ਦੀ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਅੱਜ 11 ਜੂਨ ਦਿਨ ਮੰਗਲਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚ ਉਹ ਅੰਮ੍ਰਿਤਪਾਲ  ਸਿੰਘ ਦੀ ਰਿਹਾਈ ਦੀ ਅਪੀਲ ਕਰਨਗੇ। ਦੱਸਣਯੋਗ ਹੈ ਕਿ ਆਸਾਮ ਰਾਜ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਖਡੂਰ-ਸਾਹਿਬ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਪਾਲ ਸਿੰਘ 'ਤੇ ਅੱਤਵਾਦੀ ਗਤੀਵਿਧੀਆਂ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਮਰੀਕੀ ਵਕੀਲ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਨਜ਼ਰਬੰਦੀ ਬੇਇਨਸਾਫ਼ੀ ਹੈ।

100 ਤੋਂ ਵੱਧ ਅਮਰੀਕੀ ਕਾਂਗਰਸੀਆਂ ਨਾਲ ਗੱਲਬਾਤ ਕਰਨ ਦੀ ਯੋਜਨਾ

PunjabKesari

ਅਮਰੀਕੀ ਅਟਾਰਨੀ  ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਸ ਕੇਸ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਇਕ  “ਬੇਇਨਸਾਫ਼ੀ” ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਲੰਘੀ ਅਪ੍ਰੈਲ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ  ਸੀ। ਖਡੂਰ ਸਾਹਿਬ ਦੇ ਲੋਕਾਂ ਨੇ ਜੇਲ੍ਹ ਵਿਚ ਬੈਠੇ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਇਆ ਹੈ ਅਤੇ ਉਹ ਸੰਸਦ ਮੈਂਬਰ ਬਣਿਆ ਹੈ। ਅਮਰੀਕੀ ਅਟਾਰਨੀ ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਲਈ 100 ਤੋਂ ਵੱਧ ਅਮਰੀਕੀ ਕਾਂਗਰਸੀਆਂ ਨਾਲ ਵੀ ਗੱਲਬਾਤ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋ ਇਲਾਵਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਹੱਕ ਵਿਚ ਨਿੱਤਰੇ ਅਮਰੀਕਾ ਦੇ ਗੁਰੂ ਘਰਾਂ ਦੇ ਨੁਮਾਇੰਦੇ, ਧਾਰਮਿਕ ਜਥੇਬੰਦੀਆਂ ,ਭਾਰਤੀ ਮੂਲ ਦੇ ਕਈ ਸਿਆਸੀ ਸਿੱਖ ਆਗੂ ਉਸ ਦੀ ਰਿਹਾਈ ਦੇ ਹੱਕ ਵਿੱਚ ਅਟਾਰਨੀ ਜਸਪ੍ਰੀਤ ਸਿੰਘ ਦੇ ਨਾਲ ਅੱਗੇ ਆਏ ਹਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਜਲਦ ਰੂਸ 'ਚ ਬਿਨਾਂ ਵੀਜ਼ਾ ਲੈ ਸਕਣਗੇ ਐਂਟਰੀ

20 ਅਮਰੀਕੀ ਨੇਤਾਵਾਂ ਨਾਲ ਸੰਪਰਕ

PunjabKesari

ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 20 ਦੇ ਕਰੀਬ ਅਮਰੀਕਾ ਦੇ ਕਾਂਗਰਸਮੈਨਾਂ ਨਾਲ ਸੰਪਰਕ ਹੋ ਚੁੱਕਾ ਹੈ। ਭਾਰਤ ਨਾਲ ਅਮਰੀਕਾ ਦੇ ਬਹੁਤ ਚੰਗੇ ਸਬੰਧ ਹੋਣ ਕਾਰਨ ਅਮਰੀਕਾ ਸਰਕਾਰ ਦੀ ਦਖਲਅੰਦਾਜੀ ਨਾਲ ਉਸ ਦੀ ਰਿਹਾਈ ਕਰਵਾਈ ਜਾਵੇਗੀ। ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ ਕਿ "ਉਹ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ ਉੱਪ ਰਾਸ਼ਟਰਪਤੀ ਕਮਲਾ ਹੈਰਿਸ  ਨੂੰ ਦੋ ਵਾਰ ਮਿਲਿਆ ਹੈ। ਉਸ ਨੇ ਉਨ੍ਹਾਂ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਕਈ ਇਮੀਗ੍ਰੇਸ਼ਨ ਮੁੱਦਿਆਂ ਬਾਰੇ ਅਹਿਮ ਗੱਲਬਾਤ ਕੀਤੀ ਅਤੇ ਹੁਣ ਉਹ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਉਸ ਨੂੰ ਜੇਲ੍ਹ ਤੋ ਰਿਹਾਅ ਕਰਵਾਉਣ ਬਾਰੇ ਗੱਲਬਾਤ ਕਰਨਗੇ। ਦੱਸਣਯੋਗ ਹੈ ਕਿ ਖਾਲਿਸਤਾਨੀ ਵੱਖਵਾਦੀ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਖ਼ਿਲਾਫ ਕਰੀਬ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। 

PunjabKesari

ਵਿਸਤ੍ਰਿਤ ਰਿਪੋਰਟਾਂ ਅਤੇ ਪੱਤਰ ਕੀਤੇ ਤਿਆਰ 

ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ, "ਅੰਮ੍ਰਿਤਪਾਲ ਸਿੰਘ ਦੀ ਜਿੱਤ ਬਹੁਤ ਵੱਡੀ ਸੀ ਅਤੇ ਉਸ ਦੀ ਲਗਾਤਾਰ ਨਜ਼ਰਬੰਦੀ ਮਨੁੱਖੀ ਅਧਿਕਾਰਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜਸਪ੍ਰੀਤ, ਜੋ ਅਮਰੀਕਾ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਮਰੀਕਾ ਵਿੱਚ ਇੱਕ ਵਿਆਪਕ ਗਾਹਕ ਅਧਾਰ ਰੱਖਦਾ ਹੈ, ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕੇਸ ਨੇ ਕਈ ਅਮਰੀਕੀ ਨੇਤਾਵਾਂ ਦਾ ਧਿਆਨ ਖਿੱਚਿਆ ਹੈ, ਜਿਸ ਵਿੱਚ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵੀ ਸ਼ਾਮਲ ਹਨ। ਜਿਨ੍ਹਾਂ ਨਾਲ ਅਮਰੀਕੀ ਸਿੰਘ ਸੰਪਰਕ ਵਿੱਚ ਹਨ। ਅਟਾਰਨੀ ਜਸਪ੍ਰੀਤ ਸਿੰਘ ਜਿਨ੍ਹਾਂ ਦਾ ਇਮੀਗ੍ਰੇਸ਼ਨ ਮੁੱਦਿਆਂ ਦੀ ਵਕਾਲਤ ਕਰਨ ਅਤੇ ਨਫ਼ਰਤੀ ਅਪਰਾਧਾਂ ਦਾ ਮੁਕਾਬਲਾ ਕਰਨ ਦਾ ਅਮਰੀਕਾ ਵਿੱਚ ਇੱਕ ਲੰਬਾ ਇਤਿਹਾਸ ਹੈ, ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਭਾਰਤ ਨਾਲ ਸਬੰਧਤ ਮੁੱਦੇ ਨੂੰ ਇੰਨੇ ਉਤਸ਼ਾਹ ਨਾਲ ਉਠਾ ਰਿਹਾ ਹੈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ 'ਤੇ ਚਰਚਾ ਕਰਨ ਲਈ ਉਹ ਅਮਰੀਕਾ ਦੇ ਰਾਜ  ਨੇਵਾਡਾ ਤੋਂ ਸੈਨੇਟਰ ਜੈਕਲੀਨ ਸ਼ੈਰਲ ਰੋਜ਼ਨ ਅਤੇ ਐਰੀਜ਼ੋਨਾ ਤੋਂ ਕਾਂਗਰਸਮੈਨ ਰੂਬੇਨ ਗੈਲੇਗੋ ਸਮੇਤ ਕਈ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨਾਂ ਨੂੰ ਮਿਲੇ ਸਨ। 

ਸਿੰਘ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਨਿਊਜਰਸੀ ਤੋਂ ਸੈਨੇਟਰ ਬੌਬ ਮੇਨੇਨਡੇਜ਼ ਦੇ ਪੁੱਤਰ ਸੈਨੇਟਰ ਰੌਬ ਮੇਨੇਡੇਜ਼ ਸਮੇਤ ਵੱਖ-ਵੱਖ ਅਮਰੀਕੀ ਨੇਤਾਵਾਂ ਨੂੰ ਵਿਸਤ੍ਰਿਤ ਰਿਪੋਰਟਾਂ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਪੱਤਰ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੀ 20 ਤੋਂ ਵੱਧ ਅਮਰੀਕੀ ਨੇਤਾਵਾਂ ਨਾਲ ਗੱਲ ਹੋਈ ਹੈ। ਅਤੇ ਉਹ ਸਾਰੇ ਸਹਿਮਤ ਹਨ ਕਿ ਇਸ ਮਾਮਲੇ 'ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ ਹੈ, ਭਾਵੇਂ ਘਰੇਲੂ ਜਾਂ ਅੰਤਰਰਾਸ਼ਟਰੀ ਹੋਣ ਅਤੇ ਅੰਮ੍ਰਿਤਪਾਲ ਸਿਂਘ ਦਾ ਸਮਰਥਨ ਕਰਨ ਵਾਲੀ ਸਾਡੀ ਕਾਨੂੰਨੀ ਟੀਮ ਨੇ ਇਸ ਕੇਸ ਦੀ ਡੂੰਘਾਈ ਨਾਲ ਪੜਚੋਲ ਕੀਤੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਇਕ ਬੇਇਨਸਾਫ਼ੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News