'ਚੌਰੀ ਚੌਰਾ' ਦੇ ਸ਼ਹੀਦਾਂ ਨੂੰ ਸਮਰਪਿਤ ਇੰਡੋ ਅਮੈਰਿਕਨ ਹੈਰੀਟੇਜ ਦਾ 21ਵਾਂ ਮੇਲਾ ਫਰਿਜ਼ਨੋ ਵਿਖੇ ਯਾਦਗਾਰੀ ਹੋ ਨਿਬੜਿਆ
Tuesday, Apr 04, 2023 - 11:37 AM (IST)
ਗੁਰਿੰਦਰਜੀਤ ਨੀਟਾ ਮਾਛੀਕੇ (ਫਰਿਜ਼ਨੋ,ਕੈਲੀਫੋਰਨੀਆਂ) ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਜਿਹੜੀ ਕਿ ਸਮੇਂ-ਸਮੇਂ ਸਿਰ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਗਮ ਕਰਵਾ ਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਸਾਰਥਕ ਉਪਰਾਲੇ ਕਰਦੀ ਰਹਿੰਦੀ ਹੈ, ਵੱਲੋਂ ਲੰਘੇ ਐਤਵਾਰ ਚੌਰੀ ਚੌਰਾ ਦੇ ਸ਼ਹੀਦਾਂ ਨੂੰ ਸਮਰਪਿਤ ਗਦਰੀ ਬਾਬਿਆਂ ਦਾ 21ਵਾਂ ਮੇਲਾ ਸਥਾਨਿਕ ਸੈਂਟਰਲ ਹਾਈ ਸਕੂਲ ਦੇ ਆਡੋਟੋਰੀਅਮ ਵਿੱਖੇ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਬੋਲੇ ਸ਼ੇਅਰਾਂ ਦੁਆਰਾ ਕੀਤੀ ਗਈ। ਉਪਰੰਤ ਸੰਸਥਾ ਦੇ ਸੈਕਟਰੀ ਹਰਜਿੰਦਰ ਢੇਸੀ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖੀ।
ਲੇਖਕ ਇੰਦਰਜੀਤ ਚੁਗਾਵਾਂ ਨੇ ਵੀ ਸਟੇਜ ਤੋਂ ਹਾਜ਼ਰੀ ਭਰੀ। ਗਾਇਕ ਕਮਲਜੀਤ ਬੈਨੀਪਾਲ, ਪੱਪੀ ਭਦੌੜ, ਰਾਜ ਬਰਾੜ ਆਦਿ ਨੇ ਇੱਕ ਇੱਕ ਗੀਤ ਗਾਕੇ ਮੇਲੇ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪ੍ਰੋ. ਜਗਮੋਹਣ ਸਿੰਘ ਜਿਹੜੇ ਕਿ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਭਾਣਜੇ ਹਨ, ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹੋਏ ਸਨ। ਜਿੰਨਾ ਨੇ ਗਦਰ ਇਤਿਹਾਸ 'ਤੇ ਪੰਛੀ ਝਾਤ ਪਵਾਈ। ਸੰਸਥਾ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਧਾਲੀਵਾਲ ਨੇ ਚੌਰੀ ਚੌਰਾ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਬਰਤਾਨਵੀ ਹਕੂਮਤ ਨੇ 4 ਫਰਵਰੀ, 1922 ਨੂੰ ਯੂਪੀ ਦੇ ਚੌਰੀ ਚੌਰਾ ਵਿੱਚ ਸ਼ਾਂਤਮਈ ਪ੍ਰਦ੍ਰਸ਼ਨ ਕਰਦੇ ਭਾਰਤੀਆਂ 'ਤੇ ਤਸ਼ੱਦਦ ਕਰਕੇ 11 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ 50 ਦੇ ਕਰੀਬ ਲੋਕ ਜਖਮੀ ਹੋ ਗਏ ਸਨ, ਉਪਰੰਤ ਭੀੜ ਨੇ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-50 ਸਾਲਾਂ ਬਾਅਦ ਨਾਸਾ ਨੇ ਲਾਂਚ ਕੀਤਾ 'ਚੰਨ ਮਿਸ਼ਨ', ਪਹਿਲੀ ਵਾਰ ਕੋਈ ਮਹਿਲਾ ਲਗਾਏਗੀ ਚੰਨ ਦਾ ਚੱਕਰ
ਬਹੁਤ ਸਾਰੇ ਭਾਰਤੀ ਅੱਜ ਵੀ ਚੌਰੀ ਚੌਰਾ ਦੀ ਘਟਨਾ ਤੋਂ ਅਣਜਾਣ ਹਨ। ਇਸ ਮੌਕੇ ਆਂਚਲ ਹੇਅਰ ਨੇ ਇੱਕ ਕਵਿਤਾ ਰਾਹੀ ਹਾਜ਼ਰੀ ਭਰੀ ਤੇ ਚੌਰੀ ਚੌਰਾ ਦੀ ਘਟਨਾ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਕਾਸ਼ਪ੍ਰੀਤ ਕੌਰ ਸੰਧੂ ਨੇ ਵੀ ਇੱਕ ਕਵਿਤਾ ਨਾਲ ਹਾਜ਼ਰੀ ਲਵਾਈ। ਇਸ ਮੌਕੇ ਓਲਡ ਸਕੂਲ ਭੰਗੜਾ ਅਕੈਡਮੀ, ਸੈਂਟਰਲਵੈਲੀ ਭੰਗੜਾ, ਜੀ ਐਚ ਜੀ ਡਾਂਸ ਐਂਡ ਸੰਗੀਤ ਅਕੈਡਮੀ ਅਤੇ ਸ਼ਾਨੇ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਗਿੱਧੇ ਭੰਗੜੇ ਅਤੇ ਕਰੋਓਗ੍ਰਾਫੀ ਜ਼ਰੀਏ ਦਰਸ਼ਕਾਂ ਦੀ ਖ਼ੂਬ ਵਾਹ ਵਾਹ ਖੱਟੀ। ਇਸ ਮੌਕੇ 4.0 ਜੀ ਪੀ ਏ ਵਾਲੇ ਬੱਚਿਆਂ ਨੂੰ ਸੰਸਥਾਂ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜਸੇਵੀ ਮਲਕੀਤ ਸਿੰਘ ਕਿੰਗਰਾ ਨੇ ਆਪਣੇ ਸੰਬੋਧਨ ਦੌਰਾਨ ਕਮਿਉਂਨਟੀ ਦੇ ਲੋਕਲ ਪਤਵੰਤਿਆਂ ਨੂੰ ਯਾਦ ਕਰਦਿਆਂ ਸਵ. ਡਾ. ਗੁਰੂਮੇਲ ਸਿੱਧੂ, ਅਮਰੀਕ ਸਿੰਘ ਵਿਰਕ, ਸ. ਗੁਰਦੀਪ ਸਿੰਘ ਅਣਖੀ, ਮਹਿੰਦਰ ਸਿੰਘ ਗਰੇਵਾਲ ਆਦਿ ਲਈ ਇੱਕ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ। ਅਖੀਰ ਵਿੱਚ ਉੱਘੇ ਗਾਇਕ ਧਰਮਵੀਰ ਥਾਂਦੀ ਨੇ ਸ਼ਹੀਦਾਂ ਨੂੰ ਸਮਰਪਿਤ ਗੀਤਾਂ ਦੀ ਐਸੀ ਝੜੀ ਲਾਈ ਕਿ ਹਰਕੋਈ ਸਾਹ ਰੋਕਕੇ ਉਸਨੂੰ ਸੁਣਦਾ ਨਜ਼ਰੀਂ ਆਇਆ। ਅਖੀਰ ਬਲਵਿੰਦਰ ਸਿੰਘ ਬੁੱਟਰ ਨੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ। ਅਲੀ ਦੇ ਚਾਹ ਪਕੌੜਿਆ ਦੇ ਲੰਗਰ ਦੀ ਹਰਕੋਈ ਤਰੀਫ਼ ਕਰ ਰਿਹਾ ਸੀ। ਅੰਤ ਇਹ ਮੇਲਾ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿਬੜਿਆ।