US 'ਚ ਕਤਲ ਕੀਤੇ ਪੰਜਾਬੀ ਦੀ ਪਤਨੀ ਦਾ ਛਲਕਿਆ ਦਰਦ - ਸੁਫ਼ਨੇ ਦਾ ਅਜਿਹਾ ਹਸ਼ਰ ਹੋਵੇਗਾ, ਕਦੇ ਸੋਚਿਆ ਨਹੀਂ ਸੀ

Saturday, Oct 08, 2022 - 04:48 PM (IST)

US 'ਚ ਕਤਲ ਕੀਤੇ ਪੰਜਾਬੀ ਦੀ ਪਤਨੀ ਦਾ ਛਲਕਿਆ ਦਰਦ - ਸੁਫ਼ਨੇ ਦਾ ਅਜਿਹਾ ਹਸ਼ਰ ਹੋਵੇਗਾ, ਕਦੇ ਸੋਚਿਆ ਨਹੀਂ ਸੀ

ਸਾਨ ਫਰਾਂਸਿਸਕੋ (ਭਾਸ਼ਾ)- ਅਮਰੀਕਾ ਵਿੱਚ ਬੁੱਧਵਾਰ ਸ਼ਾਮ ਨੂੰ ਮਾਰੇ ਗਏ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਦੀ ਦੁਖੀ ਪਤਨੀ ਨੇ ਕਿਹਾ, 'ਇਹ ਅਮਰੀਕਾ ਵਿਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।' ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇਕ ਬਾਗ 'ਚੋਂ 8 ਮਹੀਨੇ ਦੀ ਬੱਚੀ ਆਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ, ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ, ਪੰਜਾਬ ਦੇ ਹਰਸੀਪਿੰਡ ਦਾ ਰਹਿਣ ਵਾਲਾ ਸੀ, ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ਹਿਰ ਵਿੱਚ ਉਨ੍ਹਾਂ ਦੇ ਕਾਰੋਬਾਰੀ ਅਦਾਰੇ ਤੋਂ ਅਗਵਾ ਕਰ ਲਿਆ ਗਿਆ ਸੀ। ਇਹ ਜਾਣਕਾਰੀ ਵੀਡੀਓ ਫੁਟੇਜ ਤੋਂ ਮਿਲੀ।

ਇਹ ਵੀ ਪੜ੍ਹੋ: ਅਮਰੀਕਾ ਤੋਂ ਬਾਅਦ ਹੁਣ ਇਜ਼ਰਾਈਲ 'ਚ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ

ਅਮਨਦੀਪ ਦੀ ਵਿਧਵਾ ਜਸਪ੍ਰੀਤ ਕੌਰ ਨੇ ‘ਗੋ ਫੰਡ ਮੀ’ ਫੰਡਰੇਜ਼ਰ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਪਿਛਲੇ 18 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਨਾ ਸਿਰਫ਼ ਕੈਲੀਫੋਰਨੀਆ ਵਿੱਚ ਆਪਣੇ ਪਰਿਵਾਰ ਦੀ, ਸਗੋਂ ਭਾਰਤ ਵਿੱਚ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਸੰਭਾਲਿਆ ਹੋਇਆ ਸੀ। ਪਰਿਵਾਰ ਦੇ 'ਗੋ ਫੰਡ ਮੀ' ਪੇਜ 'ਤੇ ਉਨ੍ਹਾਂ ਲਿਖਿਆ, 'ਇਹ ਅਮਰੀਕਾ 'ਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।' 3 ਅਕਤੂਬਰ ਨੂੰ ਸਾਡੇ ਪਰਿਵਾਰ ਨੂੰ ਹਿੰਸਕ ਢੰਗ ਨਾਲ ਸਾਡੇ ਕੋਲੋਂ ਖੋਹ ਲਿਆ ਗਿਆ। ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਰੋਜ਼ਾਨਾ ਸਥਾਨਕ ਫੂਡ ਬੈਂਕ ਨੂੰ ਭੋਜਨ ਦਾਨ ਕਰਦੇ ਸੀ ਅਤੇ ਹਰ ਐਤਵਾਰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਲਈ ਜਾਂਦੇ ਸੀ। ਉਨ੍ਹਾਂ ਦੀ ਨੌਂ ਸਾਲ ਦੀ ਬੇਟੀ ਅਤੇ ਅੱਠ ਸਾਲ ਦਾ ਬੇਟਾ ਹੈ।

ਇਹ ਵੀ ਪੜ੍ਹੋ: US 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਆਯੋਜਿਤ ਕੀਤੀ ਗਈ ਭਾਈਚਾਰਕ ਪ੍ਰਾਰਥਨਾ ਸਭਾ, ਹਰ ਅੱਖ ਹੋਈ ਨਮ

ਪਰਿਵਾਰ ਦੇ 'ਗੋ ਫੰਡ ਮੀ' ਪੇਜ 'ਤੇ ਕੀਤੀ ਗਈ ਅਪੀਲ ਦੇ ਅਨੁਸਾਰ, ਦੋਵੇਂ ਭਰਾ "ਪਰਿਵਾਰ ਵਿੱਚ ਆਮਦਨ ਦਾ ਇੱਕੋ ਇੱਕ ਸਰੋਤ ਸਨ ਅਤੇ ਭਾਰਤ ਵਿੱਚ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ਼ਭਾਲ ਵੀ ਕਰਦੇ ਸਨ"। ਜਸਪ੍ਰੀਤ ਨੇ ਇਸ ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਹਾਲਾਂਕਿ ਸਿੱਖ ਪਰਿਵਾਰ ਦੇ ਕਤਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਅਤੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਪਹਿਲਾਂ ਉਸ ਪਰਿਵਾਰ ਲਈ ਹੀ ਕੰਮ ਕਰਦਾ ਸੀ। ਉਸ ਦਾ ਇਸ ਪਰਿਵਾਰ ਨਾਲ ਪੁਰਾਣਾ ਝਗੜਾ ਸੀ, ਜਿਸ ਦਾ ਨਤੀਜਾ ਇਹ ਕਤਲੇਆਮ ਹੋਇਆ ਹੈ। ਮਰਸਡ ਕਾਉਂਟੀ ਸ਼ੈਰਿਫ ਦੇ ਬੁਲਾਰੇ ਅਲੈਗਜ਼ੈਂਡਰਸ ਬ੍ਰਿਟਨ ਨੇ ਕਿਹਾ ਕਿ 48 ਸਾਲਾ ਜੀਸਸ ਮੈਨੁਅਲ ਸਲਗਾਡੋ ਨੂੰ ਅਗਵਾ ਦੇ ਚਾਰ ਮਾਮਲਿਆਂ ਵਿਚ ਵੀਰਵਾਰ ਦੇਰ ਰਾਤ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮਰਸਡ ਸ਼ਹਿਰ ਵਿੱਚ 6 ਤੋਂ 9 ਅਕਤੂਬਰ ਤੱਕ ਹਰ ਰੋਜ਼ ਸ਼ਾਮ 7 ਵਜੇ ਤੱਕ ਮੋਮਬੱਤੀਆਂ ਜਗਾ ਕੇ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ 'ਚ 14 ਭਾਰਤੀ ਔਰਤਾਂ ਨਾਲ ਲੁੱਟ ਕਰਨ ਵਾਲਾ ਕਾਬੂ, ਦੋਸ਼ੀ ਪਾਏ ਜਾਣ 'ਤੇ ਹੋ ਸਕਦੀ ਹੈ 63 ਸਾਲ ਦੀ ਸਜ਼ਾ


author

cherry

Content Editor

Related News