ਅਮਰੀਕਾ ''ਚ ਨਕਾਬਪੋਸ਼ ਨੇ ਸਿੱਖ ਦੇ ਗੈਸ ਸਟੇਸ਼ਨ ''ਤੇ ਕੀਤੀ ਭੰਨਤੋੜ, ਲਿਖੀਆਂ ਨਸਲੀ ਟਿੱਪਣੀਆਂ

Wednesday, Feb 07, 2018 - 04:00 PM (IST)

ਅਮਰੀਕਾ ''ਚ ਨਕਾਬਪੋਸ਼ ਨੇ ਸਿੱਖ ਦੇ ਗੈਸ ਸਟੇਸ਼ਨ ''ਤੇ ਕੀਤੀ ਭੰਨਤੋੜ, ਲਿਖੀਆਂ ਨਸਲੀ ਟਿੱਪਣੀਆਂ

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਕੇਂਟਕੀ ਵਿਚ ਇਕ ਨਕਾਬਪੋਸ਼ ਵਿਅਕਤੀ ਨੇ ਸਿੱਖ ਵਿਅਕਤੀ ਦੇ ਗੈਸ ਸਟੇਸ਼ਨ 'ਤੇ ਨਸਲੀ ਅਤੇ ਭੱਦੀ ਟਿੱਪਣੀਆਂ ਕਰਦੇ ਹੋਏ ਭੰਨਤੋੜ ਕੀਤੀ। ਗ੍ਰੀਨਅੱਪ ਕਾਊਂਟੀ ਸਥਿਤ ਸਟੇਸ਼ਨ 'ਤੇ ਇਹ ਹਮਲਾ ਪਿਛਲੇ ਹਫਤੇ ਕੀਤਾ ਗਿਆ ਸੀ। ਇਸ ਨਾਲ ਭਾਈਚਾਰੇ ਦੇ ਲੋਕਾਂ ਵਿਚ ਡਰ ਹੈ। ਇਕ ਸਥਾਨਕ ਟੀ.ਵੀ ਨੇ ਦੱਸਿਆ ਕਿ ਉਸ ਨੇ ਉਥੇ ਸਪ੍ਰੇਅ ਨਾਲ ਕੁੱਝ ਇਤਰਾਜ਼ਯੋਗ ਸ਼ਬਦ ਲਿਖੇ ਅਤੇ ਚਿੰਨ੍ਹ ਵੀ ਬਣਾਏ।
ਸਟੋਰ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਸਦਮੇ ਵਿਚ ਹਨ। ਕੇਂਟਕੀ ਸਟੇਟ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਟੋਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਾਕਾਬ ਪਹਿਨੇ ਇਕ ਵਿਅਕਤੀ ਰਾਤ ਨੂੰ ਕਰੀਬ 11:30 ਵਜੇ ਸਟੋਰ ਵੱਲ ਆਉਂਦਾ ਨਜ਼ਰ ਆ ਰਿਹਾ ਹੈ। ਸਿੰਘ ਨੇ ਕਿਹਾ, 'ਮੈਂ ਇਸ ਨਾਲ ਕਾਫੀ ਡਰਿਆ ਹੋਇਆ ਹਾਂ। ਮੈਂ ਇੱਥੇ ਭਾਈਚਾਰੇ ਨਾਲ ਕਦੇ ਕੁੱਝ ਗਲਤ ਨਹੀਂ ਕੀਤਾ। ਮੈਂ ਹਮੇਸ਼ਾ ਭਾਈਚਾਰੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।'
ਇਕ ਖਬਰ ਮੁਤਾਬਕ ਉਥੇ ਕਈ ਹੋਰ ਅਸ਼ਲੀਲ ਪੱਤਰ ਵੀ ਮਿਲੇ ਹਨ, ਜਿਸ ਵਿਚ ਸਟੋਰ 'ਖਾਲ੍ਹੀ ਕਰਨ' ਦੀ ਗੱਲ ਕਹੀ ਗਈ ਹੈ। ਸਿੰਘ ਨੇ ਕਿਹਾ ਕਿ ਉਹ 1990 ਵਿਚ ਆਪਣੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਆਏ ਸਨ ਪਰ ਜੋ ਉਨ੍ਹਾਂ ਦੇ ਸਟੋਰ 'ਤੇ ਹੋਇਆ ਉਹ ਕਿਸੇ ਬੁਰੇ ਸੁਪਨੇ ਤੋਂ ਜ਼ਿਆਦਾ ਹੈ। ਕੇਂਟਕੀ ਪੁਲਸ ਨੇ ਕਿਹਾ ਕਿ ਉਹ ਇਕ ਅਪਰਾਧਿਕ ਸ਼ਰਾਰਤ ਦੇ ਤੌਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੋਸ਼ੀ ਵਿਰੁੱਧ ਨਫਰਤ ਅਪਰਾਧ ਦਾ ਮਾਮਲਾ ਚਲਾਉਣ ਲਈ ਉਸ ਨੇ ਕਾਊਂਟੀ ਇਸਤਗਾਸਾ ਪੱਖ ਨਾਲ ਗੱਲਬਾਤ ਕਰਨ ਦਾ ਫੈਸਲਾ ਵੀ ਲਿਆ ਹੈ। ਗਾਹਕਾਂ ਨੂੰ ਉਮੀਦ ਹੈ ਕਿ ਇਸ ਘਟਨਾ ਦਾ ਉਨ੍ਹਾਂ ਦੇ ਭਾਈਚਾਰੇ 'ਤੇ ਕੋਈ ਅਸਰ ਨਹੀਂ ਪਏਗਾ। ਸਿੰਘ ਨਫਰਤ ਵਾਲੀਆਂ ਟਿੱਪਣੀਆਂ ਤੋਂ ਬਾਅਦ ਵੀ ਹਮਲਾਵਰ ਨੂੰ ਮੁਆਫ ਕਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਹ ਦੁਬਾਰਾ ਹਮਲਾ ਨਹੀਂ ਕਰਨਗੇ।


Related News