ਅਮਰੀਕਾ ਦੀ ਪਾਕਿ ਨੂੰ ਚਿਤਾਵਨੀ, ਹੁਣ ਭਾਰਤ 'ਤੇ ਹਮਲਾ ਹੋਇਆ ਤਾਂ ਪਵੇਗਾ ਭੁਗਤਣਾ
Thursday, Mar 21, 2019 - 01:23 PM (IST)

ਵਾਸ਼ਿੰਗਟਨ (ਬਿਊਰੋ)— ਅੱਤਵਾਦ ਦੇ ਮਾਮਲੇ 'ਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਜੇਕਰ ਭਾਰਤ 'ਤੇ ਅੱਗੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਅਜਿਹਾ ਕਰਨਾ ਉਸ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਅਮਰੀਕਾ ਨੇ ਸਾਫ ਕਰ ਦਿੱਤਾ ਹੈ ਕਿ ਉਸ ਨੂੰ ਅੱਤਵਾਦੀ ਸੰਗਠਨਾਂ 'ਤੇ ਠੋਸ ਕਾਰਵਾਈ ਕਰਨੀ ਹੋਵੇਗੀ। ਅਮਰੀਕਾ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਖਾਸ ਤੌਰ 'ਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਜਿਹੇ ਅੱਤਵਾਦੀ ਸੰਗਠਨਾਂ ਵਿਰੁੱਧ ਪਾਕਿਸਤਾਨ ਨੂੰ ਠੋਸ ਕਾਰਵਾਈ ਕਰਨੀ ਹੋਵੇਗੀ।
ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ। ਭਾਰਤ-ਪਾਕਿਸਤਾਨ ਖੇਤਰ ਵਿਚ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਨਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਵਿਰੁੱਧ ਸਖਤ ਕਦਮ ਚੁੱਕੇ। ਅਮਰੀਕਾ ਨੇ ਕਿਹਾ ਹੈ ਕਿ ਜੇਕਰ ਹਾਲਤ ਵਿਗੜਦੇ ਹਨ ਤਾਂ ਦੋਹਾਂ ਦੇਸ਼ਾਂ ਲਈ ਖਤਰਨਾਕ ਹੋਣਗੇ।
ਅਮਰੀਕੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਬੀਤੇ ਕੁਝ ਦਿਨਾਂ ਵਿਚ ਪਾਕਿਸਤਾਨ ਨੇ ਸ਼ੁਰੂਆਤੀ ਕਾਰਵਾਈ ਕੀਤੀ ਹੈ ਜਿਸ ਵਿਚ ਅੱਤਵਾਦੀ ਸੰਗਠਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੁਝ ਮੈਂਬਰਾਂ ਦੀ ਵੀ ਗ੍ਰਿਫਤਾਰੀ ਹੋਈ ਹੈ। ਪਰ ਅਸੀਂ ਹੋਰ ਜ਼ਿਆਦਾ ਕਾਰਵਾਈ ਹੁੰਦੇ ਦੇਖਣਾ ਚਾਹੁੰਦੇ ਹਾਂ। ਅਮਰੀਕਾ ਨੇ ਪਾਕਿਸਤਾਨ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਹਿਲਾਂ ਵੀ ਪਾਕਿਸਤਾਨ ਵੱਲੋਂ ਗ੍ਰਿਫਤਾਰੀ ਜਿਹੇ ਕਦਮ ਚੁੱਕੇ ਗਏ ਹਨ ਪਰ ਬਾਅਦ ਵਿਚ ਇਨ੍ਹਾਂ ਅੱਤਵਾਦੀਆਂ ਨੂੰ ਛੱਡ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਅੱਤਵਾਦ ਦੇ ਮੁਖੀਆਂ ਨੂੰ ਪੂਰੇ ਦੇਸ਼ ਵਿਚ ਘੁੰਮਣ ਦੀ ਵੀ ਇਜਾਜ਼ਤ ਮਿਲ ਜਾਂਦੀ ਹੈ। ਅਜਿਹੇ ਵਿਚ ਪਾਕਿਸਤਾਨ ਨੂੰ ਹੁਣ ਠੋਸ ਕਾਰਵਾਈ ਕਰਨੀ ਹੋਵੇਗੀ।
ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੇ ਬਾਅਦ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਅੰਤਰਰਾਸ਼ਟਰੀ ਭਾਈਚਾਰਾ ਅੱਤਵਾਦੀ ਸੰਗਠਨਾਂ ਵਿਰੁੱਧ ਠੋਸ ਅਤੇ ਫੈਸਲਾਕੁੰਨ ਕਾਰਵਾਈ ਹੁੰਦੇ ਦੇਖਣਾ ਚਾਹੁੰਦਾ ਹੈ।