ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ 'ਚ ਕਟੌਤੀ

Thursday, Jun 20, 2019 - 03:02 PM (IST)

ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ 'ਚ ਕਟੌਤੀ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ 'ਤੇ ਲਾਗੂ ਕੀਤਾ ਜਾਵੇਗਾ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇਥੇ ਡਾਟਾ ਇਕੱਠਾ ਕਰਨ ਲਈ ਬਾਉਂਡ ਕਰਦੀ ਹੈ। ਦੋ ਚੋਟੀ ਦੇ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਅਮਰੀਕੀ ਯੋਜਨਾ ਬਾਰੇ ਦੱਸਿਆ ਗਿਆ। ਇਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਹਰ ਸਾਲ 10 ਵਿਚੋਂ 15 ਫੀਸਦੀ ਕੋਟਾ ਹੀ ਮਿਲੇਗਾ। ਦੱਸ ਦਈਏ ਕਿ ਅਮਰੀਕਾ ਹਰ ਸਾਲ 85,000 ਲੋਕਾਂ ਨੂੰ ਐਚ1ਬੀ ਵੀਜ਼ਾ ਦਿੰਦਾ ਹੈ, ਜਿਸ ਵਿਚੋਂ 70 ਫੀਸਦੀ ਵੀਜ਼ਾ ਭਾਰਤ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਪਰ ਹੁਣ ਇਸ ਵਿਚ ਕਟੌਤੀ ਕੀਤੀ ਜਾ ਸਕਦੀ ਹੈ।

ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਕੁਝ ਹੀ ਦਿਨਾਂ ਬਾਅਦ ਭਾਰਤ ਦੌਰੇ 'ਤੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟੈਰਿਫ ਅਤੇ ਟ੍ਰੇਡ ਵਾਰ ਦੇ ਚੱਲਦੇ ਅਜਿਹਾ ਹੋ ਰਿਹਾ ਹੈ। ਦਰਅਸਲ ਹਾਲ ਦੇ ਦਿਨਾਂ ਵਿਚ ਟੈਰਿਫ ਵਾਰ ਦੇ ਚੱਲਦੇ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ। ਐਤਵਾਰ ਨੂੰ ਭਾਰਤ ਨੇ ਅਮਰੀਕੀ ਵਸਤਾਂ 'ਤੇ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਪਿਛਲੇ ਦਿਨੀਂ ਅਮਰੀਕਾ ਨੇ ਭਾਰਤ ਨੂੰ ਵਪਾਰ ਵਿਚ ਮਿਲਣ ਵਾਲੀ ਕੁਝ ਛੋਟ ਨੂੰ ਖਤਮ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਐਚ1ਬੀ ਵੀਜ਼ਾ ਅਜਿਹੇ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤਾ ਜਾਂਦਾ ਹੈ, ਜੋ ਕਿਸੇ ਖਾਸ ਕੰਮ ਵਿਚ ਮਾਹਰ ਹੁੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਨੂੰ ਇਸ ਸਹੂਲਤ ਨਾਲ ਕਾਫੀ ਉਮੀਦ ਰਹਿੰਦੀ ਹੈ।


author

Sunny Mehra

Content Editor

Related News