ਅਮਰੀਕਾ 'ਚ ਤੂਫ਼ਾਨ ਨੇ ਮਚਾਈ ਤਬਾਹੀ, 11 ਲੋਕਾਂ ਦੀ ਮੌਤ, ਕਈ ਜ਼ਖ਼ਮੀ
04/01/2023 11:54:07 PM

ਲਿਟਲ ਰਾਕ/ਅਮਰੀਕਾ (ਭਾਸ਼ਾ) : ਅਮਰੀਕਾ ਵਿਚ ਅਰਕਨਸਾਸ ਦੇ ਲਿਟਲ ਰੌਕ ਸ਼ਹਿਰ, ਮਿਡਵੈੱਸਟ ਅਤੇ ਸਾਊਥ ’ਚ ਆਏ ਚੱਕਰਵਾਤਾਂ (ਟਾਰਨੇਡੋ) ਨੇ ਭਾਰੀ ਤਬਾਹੀ ਮਚਾਈ ਹੈ, ਜਿਨ੍ਹਾਂ ’ਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਸ਼ਕਤੀਸ਼ਾਲੀ ਚੱਕਰਵਾਤਾਂ ਨਾਲ ਕਈ ਮਕਾਨ ਅਤੇ ਸ਼ਾਪਿੰਗ ਸੈਂਟਰ ਢਹਿ-ਢੇਰੀ ਹੋ ਗਏ ਅਤੇ ਇਲਿਨੋਇਸ ’ਚ ‘ਹੈਵੀ ਮੈਟਲਸ’ ਸੰਗੀਤ ਪ੍ਰੋਗਰਾਮ ਦੌਰਾਨ ਥਿਏਟਰ ਦੀ ਛੱਤ ਡਿੱਗ ਗਈ। ਲਗਭਗ 1,09,000 ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।
ਇਹ ਵੀ ਪੜ੍ਹੋ : ਸੋਮਾਲੀਆ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਅਲ-ਸ਼ਬਾਬ ਦੇ 14 ਅੱਤਵਾਦੀ ਗਏ ਮਾਰੇ
ਪੂਰੇ ਇਲਾਕੇ ’ਚ ਤਬਾਹੀ ਤੋਂ ਬਾਅਦ ਐਮਰਜੈਂਸੀ ਸੇਵਾ ਦੇ ਕਰਮਚਾਰੀ ਸ਼ਨੀਵਾਰ ਸਵੇਰੇ ਤਬਾਹੀ ਦਾ ਮੁਲਾਂਕਣ ਕਰ ਰਹੇ ਹਨ। ਤੂਫਾਨ ਪ੍ਰਣਾਲੀ ਦੇ ਪ੍ਰਭਾਵੀ ਹੋਣ ਨਾਲ ਉੱਠੇ ਚੱਕਰਵਾਤਾਂ ਨਾਲ ਸਾਊਥ ਦੇ ਮੈਦਾਨਾਂ ਦੇ ਜੰਗਲਾਂ ’ਚ ਅੱਗ ਲੱਗਣ ਦੀ ਵੀ ਘਟਨਾ ਹੋਈ ਹੈ। ਉੱਪਰੀ ਮਿਡਵੈੱਸਟ ’ਚ ਵੀ ਸਥਿਤੀ ਖ਼ਰਾਬ ਹੈ। ਮਿਡਵੈੱਸਟ ਅਮਰੀਕਾ ਦੇ ਜਨਗਣਨਾ ਬਿਊਰੋ ਦੇ 4 ਜਨਗਣਨਾ ਖੇਤਰਾਂ ’ਚੋਂ ਇਕ ਹੈ। ਇਹ ਦੇਸ਼ ਦੇ ਉੱਤਰੀ-ਮੱਧ ਦੇ ਭਾਗ ’ਚ ਸਥਿਤ ਹੈ। ਆਯੋਵਾ, ਮਿਸੌਰੀ, ਟੇਨੇਸੀ, ਵਿਸਕਾਂਸਿਨ, ਇੰਡਿਆਨਾ ਅਤੇ ਟੈਕਸਾਸ ’ਚ ਵੀ ਨੁਕਸਾਨ ਦੀਆਂ ਖਬਰਾਂ ਹਨ। ਚੱਕਰਵਾਤ ਅਤੇ ਤੂਫਾਨ ਨਾਲ ਸ਼ਿਕਾਗੋ ਹਵਾਈ ਅੱਡੇ ’ਤੇ ਜਹਾਜ਼ਾਂ ਦੇ ਆਉਣ ’ਚ ਔਸਤਨ 2 ਘੰਟੇ ਦੀ ਦੇਰੀ ਹੋਈ।
ਇਹ ਵੀ ਪੜ੍ਹੋ: ਪਾਕਿ ਦੇ ਪੇਸ਼ਾਵਰ ਸ਼ਹਿਰ 'ਚ ਸਿੱਖ ਵਪਾਰੀ ਨੂੰ ਗੋਲੀਆਂ ਨਾਲ ਭੁੰਨਿਆ
ਇਸ ਦੌਰਾਨ, ਯੂ.ਐੱਸ. ਨੈਸ਼ਨਲ ਵੈਦਰ ਸਰਵਿਸ ਨੇ ਅਰਕਾਨਸਾਸ ਦੀ ਰਾਜਧਾਨੀ ਲਿਟਲ ਰੌਕ ਅਤੇ ਆਸ ਪਾਸ ਦੇ ਖੇਤਰਾਂ ਲਈ ਤੂਫ਼ਾਨ ਸਬੰਧੀ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ "ਵਿਨਾਸ਼ਕਾਰੀ ਤੂਫਾਨ" ਤੋਂ 350,000 ਲੋਕਾਂ ਨੂੰ ਖ਼ਤਰਾ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ ਮਿਸੀਸਿਪੀ ਵਿੱਚ ਤੂਫ਼ਾਨ ਨੇ ਤਬਾਹੀ ਮਚਾਈ ਸੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਹਤ ਕਾਰਜਾਂ ਲਈ ਫੈਡਰਲ ਸਰਕਾਰ ਤੋਂ ਮਦਦ ਦੇਣ ਦਾ ਭਰੋਸਾ ਦਿੱਤਾ ਸੀ। ਲਿਟਲ ਰੌਕ ਵਿੱਚ ਤੂਫ਼ਾਨ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਪੱਛਮੀ ਹਿੱਸੇ ਅਤੇ ਇਸਦੇ ਆਲੇ-ਦੁਆਲੇ ਤਬਾਹੀ ਮਚਾਈ ਅਤੇ ਇੱਕ ਛੋਟੇ ਸ਼ਾਪਿੰਗ ਸੈਂਟਰ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਤੂਫ਼ਾਨ ਅਰਕਾਨਸਾਸ ਨਦੀ ਨੂੰ ਪਾਰ ਕਰਕੇ ਉੱਤਰੀ ਲਿਟਲ ਰੌਕ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਪਹੁੰਚ ਗਿਆ, ਜਿੱਥੇ ਇਸਨੇ ਘਰਾਂ, ਕਾਰੋਬਾਰਾਂ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। 'poweroutrage.com' ਦੇ ਅਨੁਸਾਰ, ਅਰਕਨਸਾਸ ਵਿੱਚ ਲਗਭਗ 70,000 ਅਤੇ ਓਕਲਾਹੋਮਾ ਵਿੱਚ 32,000 ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।