ਅਮਰੀਕਾ ਨੇ ਚੋਣਾਂ ''ਚ ਦਖਲਅੰਦਾਜ਼ੀ ਨੂੰ ਲੈ ਕੇ ਚੀਨ ''ਤੇ ਵਿੰਨ੍ਹਿਆ ਨਿਸ਼ਾਨਾ

08/20/2018 8:06:12 PM

ਵਾਸ਼ਿੰਗਟਨ — ਟ੍ਰੇਡ ਵਾਰ ਵਿਚਾਲੇ ਅਮਰੀਕਾ ਨੇ ਚੀਨ 'ਤੇ ਗੰਭੀਰ ਦੋਸ਼ ਲਾਏ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦਖਲਅੰਦਾਜ਼ੀ ਨੂੰ ਲੈ ਕੇ ਅਮਰੀਕਾ ਨੇ ਹੁਣ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਜਿਹੇ 'ਚ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ 'ਚ ਹੋਰ ਖਟਾਸ ਆ ਗਈ ਹੈ। ਦੱਸ ਦਈਏ ਕਿ ਚੋਣਾਂ 'ਚ ਦਖਲਅੰਦਾਜ਼ੀ ਨੂੰ ਲੈ ਕੇ ਰੂਸ 'ਤੇ ਦੋਸ਼ ਲਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਜਾਂਚ ਵੀ ਚੱਲ ਰਹੀ ਹੈ। ਅਜਿਹੇ 'ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਐਤਵਾਰ ਨੂੰ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਚੋਣਾਂ 'ਚ ਸੰਭਵ ਹੈ ਕਿ ਚੀਨ, ਉੱਤਰੀ ਕੋਰੀਆ ਅਤੇ ਈਰਾਨ ਨੇ ਦਖਲ ਦਿੱਤਾ ਹੋਵੇ। 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਨੇ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ। ਉਸ ਤੋਂ ਬਾਅਦ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਦੋਸਤੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ।


ਹੁਣ ਟਰੰਪ ਨੇ ਖੁਦ ਸ਼ੱਕ ਦੀ ਸੁਈ ਚੀਨ ਵੱਲ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸਾਰੇ ਪਾਗਲ ਸਿਰਫ ਰੂਸ 'ਤੇ ਫੋਕਸ ਕਰ ਰਹੇ ਹਨ ਪਰ ਉਨ੍ਹਾਂ ਨੂੰ ਦੂਜੀ ਦਿਸ਼ਾ 'ਚ ਚੀਨ ਵੱਲ ਵੀ ਦੇਖਣਾ ਸ਼ੁਰੂ ਕਰਨਾ ਚਾਹੀਦਾ ਹੈ। ਜਦੋਂ ਇਸ ਟਵੀਟ ਦੇ ਬਾਰੇ 'ਚ ਬੋਲਟਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੀਜਿੰਗ ਦਾ ਜ਼ਿਕਰ ਕੀਤਾ, ਜਿਸ ਦਾ ਵਾਸ਼ਿੰਗਟਨ ਨਾਲ ਇਸ ਸਮੇਂ ਟ੍ਰੇਡ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ। ਬੋਲਟਨ ਨੇ ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨੂੰ ਆਖਿਆ ਕਿ ਮੈਂ ਯਕੀਨਨ ਤੌਰ 'ਤੇ ਕਹਿ ਸਕਦਾ ਹੈ ਕਿ ਚੀਨ, ਈਰਾਨ ਅਤੇ ਉੱਤਰੀ ਕੋਰੀਆ ਵੱਲੋਂ ਦਖਲਅੰਦਾਜ਼ੀ ਕਰਨੀ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦੀ ਗੱਲ ਹੈ। ਅਸੀਂ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੇ ਹਾਂ।


ਨਿਊਜ਼ ਚੈਨਲ ਵੱਲੋਂ ਜਦੋਂ ਉਨ੍ਹਾਂ ਤੋਂ ਖਾਸ ਤੌਰ 'ਤੇ ਚੀਨ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਗਿਆ ਤਾਂ ਬੋਲਟਨ ਨੇ ਇਸ 'ਤੇ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸੰਖੇਪ 'ਚ ਜਾਣਕਾਰੀ ਨਹੀਂ ਦੇ ਸਕਦੇ। ਉਨ੍ਹਾਂ ਅੱਗੇ ਆਖਿਆ ਕਿ ਮੈਂ 2018 ਦੀਆਂ ਚੋਣਾਂ ਦੇ ਸੰਬੰਧ 'ਚ ਤੁਹਾਨੂੰ ਦੱਸ ਰਿਹਾ ਹਾਂ। ਇਹ 4 ਦੇਸ਼ ਹਨ ਜਿਨ੍ਹਾਂ ਕਾਰਨ ਅਸੀਂ ਜ਼ਿਆਦਾ ਚਿੰਤਤ ਹਾਂ। ਦੱਸ ਦਈਏ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਨੂੰ ਲੈ ਕੇ ਟਰੰਪ ਸਪੈਸ਼ਲ ਕਾਊਂਸਿਲ ਰਾਬਰਟ ਮੂਲਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਦਰਅਸਲ ਦੋਸ਼ ਲੱਗ ਰਹੇ ਹਨ ਕਿ ਟਰੰਪ ਦੀ ਚੋਣ ਟੀਮ ਨੇ ਰੂਸ ਨਾਲ ਮਿਲ ਕੇ ਰਿਪਬਲਿਕਨ ਨੂੰ ਜਿਤਾਉਣ ਲਈ ਕਾਫੀ ਯਤਨ ਕੀਤੇ।


Related News