ਹਾਊਡੀ ਮੋਦੀ 'ਚ ਭਾਰਤੀ ਮੂਲ ਦਾ ਬੱਚਾ ਗਾਏਗਾ ਰਾਸ਼ਟਰੀ ਗੀਤ, ਜਾਣੋ ਖਾਸੀਅਤ

09/23/2019 1:34:52 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੂਬੇ ਟੈਕਸਾਸ ਦਾ ਹਿਊਸਟਨ ਸ਼ਹਿਰ ਹਾਊਡੀ ਮੋਦੀ ਸ਼ੋਅ ਲਈ ਤਿਆਰ ਹੈ। ਇਸ ਮੈਗਾ ਸ਼ੋਅ ਵਿਚ ਪੀ.ਐੱਮ. ਮੋਦੀ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਭਾਰਤੀ ਮੂਲ ਦਾ 16 ਸਾਲ ਦਾ ਬੱਚਾ ਸਪਰਸ਼ ਸ਼ਾਹ ਰਾਸ਼ਟਰੀ ਗੀਤ ਗਾਏਗਾ ਜੋ ਇਕ ਦੁਰਲੱਭ ਹੱਡੀਆਂ ਦੀ ਬੀਮਾਰੀ ਓਸਟੇਜੇਨੇਸਿਸ ਇੰਪਰਫੈਕਟਾ (osteogenesis imperfecta) ਨਾਲ ਪੀੜਤ ਹੈ। ਸਪਰਸ਼ ਸ਼ਾਹ ਅਮਰੀਕਾ ਦੇ ਨਿਊਜਰਸੀ ਦਾ ਰਹਿਣ ਵਾਲਾ ਹੈ। ਸੰਗੀਤ ਅਤੇ ਲਿੱਖਣ ਦੇ ਸ਼ੁਕੀਨ ਸਪਰਸ਼ ਦੇ ਹੌਂਸਲੇ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। 

ਸਪਰਸ਼ ਜਨਮ ਤੋਂ ਹੀ ਇਸ ਬੀਮਾਰੀ ਨਾਲ ਪੀੜਤ ਹੈ। ਇਸ ਕਾਰਨ ਉਹ ਵ੍ਹੀਲਚੇਅਰ 'ਤੇ ਹੈ। ਜਦੋਂ ਉਹ ਆਪਣੀ ਮਾਂ ਦੇ ਪੇਟ ਵਿਚ ਸੀ ਉਦੋਂ ਹੀ ਉਸ ਦੀਆਂ 35 ਹੱਡੀਆਂ ਟੁੱਟ ਚੁੱਕੀਆਂ ਸਨ। ਇਸ ਬੀਮਾਰੀ ਕਾਰਨ ਸਪਰਸ਼ ਚੱਲ-ਫਿਰ ਨਹੀਂ ਸਕਦਾ ਪਰ ਉਸ ਨੇ ਇਸ ਹਾਲਾਤ ਨੂੰ ਆਪਣੀ ਰਚਨਾਤਮਕਤਾ ਦੇ ਰਸਤੇ ਵਿਚ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਸਿਰਫ 13 ਸਾਲ ਦੀ ਉਮਰ ਵਿਚ ਸੰਗੀਤ ਦੀ ਦੁਨੀਆ ਵਿਚ ਨਾਮ ਕਮਾਇਆ।

ਸਪਰਸ਼ ਇਕ ਰੈਪਰ, ਗਾਇਕ ਅਤੇ ਪ੍ਰੇਰਣਾਦਾਇਕ ਬੁਲਾਰਾ ਹੈ। ਰਿਪੋਰਟਾਂ ਮੁਤਾਬਕ ਸਪਰਸ਼ ਦੀਆਂ 130 ਤੋਂ ਵੱਧ ਹੱਡੀਆਂ ਟੁੱਟ ਚੁੱਕੀਆਂ ਹਨ ਪਰ ਉਸ ਦਾ ਜਜ਼ਬਾ ਅਤੇ ਸੁਪਨੇ ਨਹੀਂ ਟੁੱਟੇ ਹਨ।  ਸਪਰਸ਼ ਇਕ ਵੱਖਰਾ ਐਮੀਨੇਮ ਬਣਨਾ ਚਾਹੁੰਦੇ ਹਨ ਅਤੇ ਇਕ ਅਰਬ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਮਾਰਚ 2018 ਵਿਚ ਰਿਲੀਜ਼ ਹੋਈ 'ਬ੍ਰੈਟਲ ਬੋਨ ਰੈਪਰ' ਨਾਮ ਦੀ ਇਕ ਡੌਕੇਮੈਂਟਰੀ ਸਪਰਸ਼ ਦੀ ਜੀਵਨ ਯਾਤਰਾ ਅਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ 'ਤੇ ਕੇਂਦਰਿਤ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਦੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਛੂਹਣ ਨਾਲ ਹੀ ਟੁੱਟ ਜਾਂਦੀਆਂ ਹਨ।

ਸਪਰਸ਼ ਹਾਊਡੀ ਮੋਦੀ ਪ੍ਰੋਗਰਾਮ ਵਿਚ ਰਾਸ਼ਟਰੀ ਗੀਤ ਗਾਉਣ ਅਤੇ ਪੀ.ਐੱਮ. ਮੋਦੀ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਹਨ। ਇਸ ਸਬੰਧੀ ਉਨ੍ਹਾਂ ਨੇ ਕਿਹਾ,''ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਮੈਂ ਇੰਨੇ ਸਾਰੇ ਲੋਕਾਂ ਦਾ ਸਾਹਮਣੇ ਗਾ ਰਿਹਾ ਹਾਂ। ਮੈਂ ਰਾਸ਼ਟਰੀ ਗੀਤ ਜਨ-ਗਨ-ਮਨ ਗਾਉਣ ਲਈ ਕਾਫੀ ਉਤਸ਼ਾਹਿਤ ਹਾਂ। ਮੈਂ ਪਹਿਲੀ ਵਾਰ ਮੋਦੀ ਜੀ  ਨੂੰ ਮੈਡੀਸਨ ਸਕਵਾਇਰ ਗਾਰਡਨ ਵਿਚ ਦੇਖਿਆ ਸੀ। ਮੈਂ ਉਦੋਂ ਵੀ ਉਨ੍ਹਾਂ ਨਾਲ ਮਿਲਣਾ ਚਾਹੁੰਦਾ ਸੀ ਪਰ ਮੈਂ ਉਨ੍ਹਾਂ ਨੂੰ ਸਿਰਫ ਟੀਵੀ 'ਤੇ ਹੀ ਦੇਖ ਸਕਿਆ ਸੀ। ਭਗਵਾਨ ਦੀ ਕ੍ਰਿਪਾ ਨਾਲ ਮੈਂ ਹੁਣ ਉਨ੍ਹਾਂ ਨੂੰ ਮਿਲਣ ਜਾ ਰਿਹਾ ਹਾਂ।''


Vandana

Content Editor

Related News