ਅਮਰੀਕਾ : ਭਾਰਤੀ ਮੂਲ ਦੇ ਇੰਜੀਨੀਅਰ ਨੂੰ ਬਦਮਾਸ਼ਾਂ ਨੇ ਮਾਰੀ ਗੋਲੀ, ਹਾਲਤ ਗੰਭੀਰ

01/07/2019 12:15:36 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਡੇਟ੍ਰਾਈਟ ਵਿਚ ਭਾਰਤੀ ਮੂਲ ਦੇ ਇੰਜੀਨੀਅਰ ਸਾਈ ਕ੍ਰਿਸ਼ਨਾ ਨੂੰ ਕੁਝ ਬਦਮਾਸ਼ਾਂ ਨੇ ਲੁੱਟ ਦੇ ਇਰਾਦੇ ਨਾਲ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਸਾਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਸਾਈ ਦੀ ਹਾਲਤ ਗੰਭੀਰ ਹੈ, ਜਿਸ ਕਾਰਨ ਉਨ੍ਹਾਂ ਦੀਆਂ ਕਈ ਸਰਜਰੀਆਂ ਕੀਤੀਆਂ ਗਈਆਂ ਹਨ। 

 

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 3 ਜਨਵਰੀ ਦੀ ਹੈ। ਸਾਈ ਮੂਲ ਰੂਪ ਨਾਲ ਤੇਲੰਗਾਨਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲੌਰੇਂਸ ਟੇਕ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਪੜ੍ਹਾਈ ਕੀਤੀ ਹੈ। ਉਹ ਦਸੰਬਰ 2016 ਤੋਂ ਇਕ ਕੰਪਨੀ ਵਿਚ ਕੰਮ ਕਰ ਰਹੇ ਹਨ। ਸਾਈ ਦੇ ਪਿਤਾ ਇਕ ਸਰਕਾਰੀ ਅਧਿਆਪਕ ਹਨ। ਜਾਣਕਾਰੀ ਮੁਤਾਬਕ ਸਾਈ ਕ੍ਰਿਸ਼ਨਾ 3 ਜਨਵਰੀ ਨੂੰ ਜਦੋਂ ਦਫਤਰ ਦਾ ਕੰਮ ਕਰ ਕੇ ਰਾਤ ਕਰੀਬ 11:30 ਵਜੇ ਘਰ ਪਰਤ ਰਹੇ ਸਨ ਉਦੋਂ ਹੀ ਕੁਝ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਸਾਈ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਲੁੱਟ ਕੇ ਲੈ ਗਏ। 

PunjabKesari

ਪੁਲਸ ਮੁਤਾਬਕ ਲੁਟੇਰੇ ਉਨ੍ਹਾਂ ਦੀ ਕਾਰ ਵੀ ਨਾਲ ਲੈ ਗਏ। ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਗੰਭੀਰ ਜ਼ਖਮੀ ਹੋਏ ਸਾਈ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਗੋਲੀ ਲੱਗਣ ਮਗਰੋਂ ਇਕ ਘੰਟੇ ਤੱਕ ਸਾਈ ਕ੍ਰਿਸ਼ਨਾ ਸੜਕ 'ਤੇ ਤੜਫਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।


Vandana

Content Editor

Related News