ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ, ਦਿੱਤੀ ਇਹ ਪ੍ਰਤੀਕਿਰਿਆ

Wednesday, Jul 26, 2023 - 12:41 PM (IST)

ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ, ਦਿੱਤੀ ਇਹ ਪ੍ਰਤੀਕਿਰਿਆ

ਵਾਸ਼ਿੰਗਟਨ (ਪੀ. ਟੀ. ਆਈ.)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਮਣੀਪੁਰ ਵਿਚ ਦੋ ਔਰਤਾਂ 'ਤੇ ਹੋਏ ਹਮਲੇ ਦੀ ਵੀਡੀਓ ਤੋਂ ਅਮਰੀਕਾ ਹੈਰਾਨ ਅਤੇ ਪ੍ਰੇਸ਼ਾਨ ਹੈ ਅਤੇ ਉਹਨਾਂ ਦਾ ਦੇਸ਼ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ | 19 ਜੁਲਾਈ ਨੂੰ ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿੱਚ ਭੀੜ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਏ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਦੀ ਦੇਸ਼ ਵਿਆਪੀ ਨਿੰਦਾ ਹੋਈ ਸੀ। ਇਹ ਘਟਨਾ 4 ਮਈ ਦੀ ਹੈ। 

ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ''ਅਸੀਂ ਮਣੀਪੁਰ 'ਚ ਦੋ ਔਰਤਾਂ 'ਤੇ ਬੇਰਹਿਮੀ ਨਾਲ ਹੋਏ ਹਮਲੇ ਦੀ ਵੀਡੀਓ ਤੋਂ ਹੈਰਾਨ ਅਤੇ ਪਰੇਸ਼ਾਨ ਹਾਂ। ਅਸੀਂ ਲਿੰਗ-ਅਧਾਰਤ ਹਿੰਸਾ ਦੀ ਇਸ ਕਾਰਵਾਈ ਦੀਆਂ ਪੀੜਤ ਔਰਤਾਂ ਨਾਲ ਹਮਦਰਦੀ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਕਿਹਾ ਹੈ ਕਿ ਔਰਤਾਂ ਵਿਰੁੱਧ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਵਾਲੀ ਗੱਲ ਹੈ "ਅਤੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਅਸੀਂ ਮਣੀਪੁਰ ਵਿੱਚ ਹਿੰਸਾ ਦੇ ਸ਼ਾਂਤਮਈ ਅਤੇ ਸਮਾਵੇਸ਼ੀ ਹੱਲ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਅਧਿਕਾਰੀਆਂ ਨੂੰ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਅਤੇ ਸਾਰੇ ਸਮੂਹਾਂ ਦੇ ਜੀਵਨ ਅਤੇ ਸੰਪਤੀ ਦੀ ਰੱਖਿਆ ਕਰਨ ਲਈ ਕੰਮ ਕਰਨ ਦਾ ਸੱਦਾ ਦਿੰਦੇ ਹਾਂ।"  

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 200 ਤੋਂ ਵੱਧ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਗਾਇਨੀਕੋਲੋਜਿਸਟ ਨੂੰ 20 ਸਾਲ ਦੀ ਸਜ਼ਾ

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਹਫ਼ਤੇ ਮਨੀਪੁਰ 'ਤੇ ਆਪਣੀ ਪਹਿਲੀ ਜਨਤਕ ਟਿੱਪਣੀ ਕਰਦਿਆਂ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ ਅਤੇ ਇਸ ਵਹਿਸ਼ੀ ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ''ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਮਣੀਪੁਰ ਵਿੱਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ।  ਪਾਪ ਕਰਨ ਵਾਲੇ, ਅਪਰਾਧ ਕਰਨ ਵਾਲੇ ਕੌਣ ਅਤੇ ਕਿੰਨੇ ਹਨ, ਇਹ ਆਪਣੀ ਜਗ੍ਹਾ ਹੈ... ਪਰ ਪੂਰੇ ਦੇਸ਼ ਦਾ ਅਪਮਾਨ ਹੋ ਰਿਹਾ ਹੈ। 140 ਕਰੋੜ ਦੇਸ਼ਵਾਸੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।” 

ਇੱਥੇ ਦੱਸ ਦਈਏ ਕਿ ਮਣੀਪੁਰ ਨੇ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੇਤੇਈ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ 'ਕਬਾਇਲੀ ਏਕਤਾ ਮਾਰਚ' ਆਯੋਜਿਤ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਰਾਜ ਵਿੱਚ ਨਸਲੀ ਹਿੰਸਾ ਹੋਈ ਹੈ, ਜਿਸ ਵਿਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਣੀਪੁਰ ਦੀ ਆਬਾਦੀ ਦਾ ਮੀਤੀ ਲਗਭਗ 53 ਪ੍ਰਤੀਸ਼ਤ ਹੈ ਅਤੇ ਮੁੱਖ ਤੌਰ 'ਤੇ ਇੰਫਾਲ ਘਾਟੀ ਵਿੱਚ ਰਹਿੰਦੇ ਹਨ। ਜਦੋਂ ਕਿ ਨਾਗਾ ਅਤੇ ਕੁਕੀ ਵਰਗੇ ਆਦਿਵਾਸੀ ਆਬਾਦੀ ਦਾ 40 ਪ੍ਰਤੀਸ਼ਤ ਬਣਦੇ ਹਨ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉੱਤਰੀ ਮਣੀਪੁਰ ਕਬਾਇਲੀ ਐਸੋਸੀਏਸ਼ਨ ਦੇ ਪ੍ਰਧਾਨ ਫਲੋਰੈਂਸ ਲੋਵੇ ਨੇ ਕਿਹਾ ਕਿ “ਮੈਂ ਇਸ ਮਾਮਲੇ ਬਾਰੇ ਗੱਲ ਕਰਦਿਆਂ ਥੱਕ ਗਈ ਹਾਂ… ਅਸੀਂ ਕੀ ਕਰ ਸਕਦੇ ਹਾਂ? ਭਾਰਤ ਵਿੱਚ ਇਸ ਦਾ ਇੱਕ ਬਹੁਤ ਹੀ ਸਰਲ ਹੱਲ ਹੈ, ਜੋ ਕਿ ਰਾਸ਼ਟਰਪਤੀ ਰਾਜ ਹੈ। ਸਰਕਾਰ ਨੇ ਆਪਣੇ ਕੁਝ ਕਾਰਨਾਂ ਕਰਕੇ ਕੁਝ ਨਾ ਕਰਨ ਜਾਂ ਕਹਿਣ ਦਾ ਫ਼ੈਸਲਾ ਕੀਤਾ ਹੈ।" ਫਲੋਰੈਂਸ ਉੱਤਰ ਪ੍ਰਦੇਸ਼ ਕੇਡਰ ਦੇ ਸਾਬਕਾ ਭਾਰਤੀ ਪੁਲਸ ਸੇਵਾ ਅਧਿਕਾਰੀ ਦੀ ਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News