ਭਾਰਤੀਆਂ ਦਾ ਅਮਰੀਕਾ ਜਾਣਾ ਹੋਇਆ ਹੋਰ ਸੌਖਾ, ਖੁੱਲ੍ਹੀ ਗਲੋਬਲ ਐਂਟਰੀ!

Tuesday, Jul 04, 2017 - 05:33 PM (IST)

ਵਾਸ਼ਿੰਗਟਨ— ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਅਮਰੀਕਾ ਵੱਲੋਂ ਭਾਰਤ ਲਈ ਸ਼ੁਰੂ ਕੀਤੇ ਗਏ ਗਲੋਬਲ ਐਂਟਰੀ ਪ੍ਰੋਗਰਾਮ 'ਚ ਭਾਰਤ ਨੇ ਆਪਣੀ ਪਹਿਲੀ ਐਂਟਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਉਹ 11ਵਾਂ ਦੇਸ਼ ਬਣ ਗਿਆ ਹੈ, ਜਿਸ ਦੇ ਨਾਗਰਿਕ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਇਨੀਸ਼ੀਏਟਿਵ ਲਈ ਨਾਮਜ਼ਦ ਹੋ ਸਕਦੇ ਹਨ। ਇਸ ਦੇ ਨਾਲ ਭਾਰਤ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ। ਗਲੋਬਲ ਐਂਟਰੀ ਪ੍ਰੋਗਰਾਮ ਰਾਹੀਂ ਉਹ ਪਹਿਲਾਂ ਤੋਂ ਹੀ ਆਪਣੇ ਸਾਰੇ ਸੰਬੰਧਤ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਪ੍ਰੋਗਰਾਮ ਅਧੀਨ ਆਉਣ ਵਾਲੇ ਯਾਤਰੀਆਂ ਨੂੰ ਆਟੋਮੈਟਿਕ ਕਿਓਸਕ ਰਾਹੀਂ ਸਿੱਧੀ ਐਂਟਰੀ ਮਿਲਦੀ ਹੈ। ਉਨ੍ਹਾਂ ਨੂੰ ਇਮੀਗ੍ਰੇਸ਼ਨ ਅਫਸਰ ਨਾਲ ਮਿਲਣ ਲਈ ਲੰਬੀ ਲਾਈਨ ਵਿਚ ਨਹੀਂ ਖੜ੍ਹੇ ਹੋਣਾ ਪੈਂਦਾ ਅਤੇ ਨਾ ਹੀ ਉਨ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ 'ਚ ਭਾਰਤੀ ਅੰਬੈਸਡਰ ਨਵਤੇਜ ਸਰਨਾ ਇਸ ਪ੍ਰੋਗਰਾਮ ਰਾਹੀਂ ਛੋਟ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। 
ਅਮਰੀਕੀ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 10 ਦੇਸ਼ਾਂ ਤੋਂ ਬਾਅਦ ਫਲੈਗਸ਼ਿਪ ਪ੍ਰੋਗਰਾਮ ਭਾਰਤ ਲਈ ਚਲਾਇਆ ਗਿਆ ਹੈ ਤਾਂ ਜੋ ਭਾਰਤੀਆਂ ਨੂੰ ਅਮਰੀਕਾ ਆਉਂਦੇ ਸਮੇਂ ਆਸਾਨੀ ਹੋ ਸਕੇ। ਉਨ੍ਹਾਂ ਕਿਹਾ ਕਿ ਗਲੋਬਲ ਐਂਟਰੀ ਪ੍ਰੋਗਰਾਮ ਨਾਲ ਕੌਮਾਂਤਰੀ ਯਾਤਰੀਆਂ ਦੀ ਯਾਤਰਾ ਹੋਰ ਸੌਖੀ ਅਤੇ ਸੁਰੱਖਿਅਤ ਹੋ ਜਾਵੇਗੀ। ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਭਾਰਤੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਇਸ ਸਮੇਂ ਗਲੋਬਲ ਐਂਟਰੀ ਦਾ ਇਹ ਪ੍ਰੋਗਰਾਮ ਅਮਰੀਕਾ ਦੇ 55 ਏਅਰਪੋਰਟਾਂ 'ਤੇ 15 ਹੋਰ ਥਾਵਾਂ 'ਤੇ ਉਪਲੱਬਧ ਹੈ। 
ਇਸ ਨਾਲ ਭਾਰਤੀਆਂ ਨੂੰ ਅਮਰੀਕਾ ਵਿਚ ਘੱਟ ਜ਼ੋਖਮ ਵਾਲੇ ਯਾਤਰੀਆਂ ਦਾ ਦਰਜਾ ਹਾਸਲ ਹੋ ਗਿਆ ਹੈ। ਹੁਣ ਤੱਕ ਇਹ ਸਹੂਲਤ ਅਮਰੀਕਾ ਦੇ ਨਾਗਰਿਕਾਂ, ਗ੍ਰੀਨ ਕਾਰਡ ਹੋਲਡਰਾਂ ਤੋਂ ਇਲਾਵਾ ਅਰਜਨਟੀਨਾ, ਕੋਲੰਬੀਆ, ਜਰਮਨੀ, ਮੈਕਸੀਕੋ, ਨੀਦਰਲੈਂਡ, ਪਨਾਮਾ, ਰੀਪਬਲਿਕ ਆਫ ਕੋਰੀਆ, ਸਿੰਗਾਪੁਰ, ਸਵਿਟਜ਼ਰਲੈਂਡ ਅਤੇ ਯੂ. ਕੇ. ਦੇ ਲੋਕਾਂ ਨੂੰ ਮਿਲਦੀ ਹੈ।


Kulvinder Mahi

News Editor

Related News