ਅਮਰੀਕਾ ''ਚ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਅਪਮਾਨ

Sunday, Dec 13, 2020 - 06:01 PM (IST)

ਅਮਰੀਕਾ ''ਚ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਅਪਮਾਨ

ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ): ਭਾਰਤ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕਈ ਸਿੱਖ-ਅਮਰੀਕੀ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਨੀਵਾਰ ਨੂੰ ਦੀ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੁਆਰਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਕਾਲਖ ਲਗਾਈ ਗਈ। 'ਖਾਲਿਸਤਾਨ' ਦੇ ਝੰਡੇ ਵੀ ਉਸ ਜਗ੍ਹਾ 'ਤੇ ਨਜ਼ਰ ਆਏ ਜਦੋਂ ਕਿ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਵਿਚ ਵੱਲੋਂ ਭਾਰਤੀ ਅੰਬੈਸੀ ਦੇ ਸਾਹਮਣੇ ਮਹਾਤਮਾ ਗਾਂਧੀ ਮੈਮੋਰੀਅਲ ਪਲਾਜਾ ਵਿਚ ਸਥਿਤ ਬਾਪੂ ਮਹਾਤਮਾ ਗਾਂਧੀ ਦੇ ਬੁੱਤ ਨੂੰ ਕਾਲਖ਼ ਵੀ ਲਗਾਈ। ਗ੍ਰੇਟਰ ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਵਰਜੀਨੀਆ ਦੇ ਇਲਾਵਾ ਨਿਊਯਾਰਕ, ਨਿਊਜਰਸੀ,ਪੈੱਨਸਿਲਵੇਨੀਆ, ਇੰਡੀਆਨਾ, ਓਹੀਓ ਅਤੇ ਨੌਰਥ ਕੈਰੋਲੀਨਾ ਜਿਹੇ ਰਾਜਾਂ ਤੋਂ ਆਏ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀ.ਸੀ. ਵਿਚ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਕਈ ਬੈਨਰਾਂ 'ਤੇ 'ਖਾਲਿਸਤਾਨ ਗਣਰਾਜ' ਲਿਖਿਆ ਹੋਇਆ ਸੀ।

PunjabKesari

ਖਾਲਿਸਤਾਨੀ ਸਮਰਥਕਾਂ ਨੇ ਕਿਸਾਨ ਵਿਰੋਧੀ ਪ੍ਰਦਰਸ਼ਨ ਦੇ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ। ਭਾਰਤ ਦੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਅਮਰੀਕਾ ਵਿਚ ਕੁਝ ਦਿਨਾਂ ਤੋ ਪ੍ਰਦਰਸ਼ਨ ਹੋ ਰਹੇ ਹਨ। ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਵੀ ਵਾਇਰਲ ਹੋਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਦਰਸਨਕਾਰੀਆਂ ਵੱਲੋਂ ਮੂਰਤੀ ਨੂੰ ਕਾਲਖ ਲਾ ਕੇ ਉਸ ਨੂੰ ਇਕ ਕੱਪੜੇ ਨਾਲ ਢੱਕ ਦਿੱਤਾ ਜਾਂਦਾ ਹੈ।ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲੰਡਨ ਵਿੱਚ ਵੀ "ਖਾਲਿਸਤਾਨੀ" ਝੰਡੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੋਏ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਵੀ ਵੇਖੇ ਗਏ ਸਨ ਜਿਥੇ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਅਤੇ ਕਿਸਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਕੀਤੀ ਗਈ ਭੰਨ-ਤੋੜ

ਜਿਕਰਯੋਗ ਹੈ ਕਿ ਵਾਸ਼ਿੰਗਟਨ ਵਿੱਚ ਮਹਾਤਮਾ ਗਾਂਧੀ  ਦੇ ਬੁੱਤ ਦੀ ਇਸ ਸਾਲ ਦੇ ਸ਼ੁਰੂ ਵਿੱਚ 3 ਜੂਨ ਨੂੰ ਅਣਪਛਾਤੇ ਵਿਅਕਤੀਆਂ ਦੁਆਰਾ ਜਾਰਜ ਫਲਾਈਡ ਵਿਰੋਧ ਪ੍ਰਦਰਸ਼ਨ ਦੌਰਾਨ ਤੋੜ-ਭੰਨ ਕੀਤੀ ਗਈ ਸੀ। ਬੇਅਦਬੀ ਦੇ ਬਾਅਦ, ਗਾਂਧੀ ਦੇ ਬੁੱਤ ਦੀ ਮੁਰੰਮਤ ਲਈ ਇੱਕ ਮਾਹਰ ਨੂੰ ਬੁਲਾਇਆ ਗਿਆ ਸੀ।ਜਿਸ ਨਾਲ ਭਾਰਤੀ ਮਿਸ਼ਨ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਰਿਆ ਗਿਆ। ਫਿਰ ਸੰਯੁਕਤ ਰਾਜ ਵਿਚ ਭਾਰਤੀ ਦੂਤਾਵਾਸ ਨੇ ਮੈਟਰੋਪੋਲੀਟਨ ਪੁਲਿਸ ਅਤੇ ਨੈਸ਼ਨਲ ਪਾਰਕ ਪੁਲਸ ਵਿਚ ਕੇਸ ਦਰਜ ਕੀਤੇ ਸਨ। ਦੱਸਣਯੋਗ ਹੈ ਕਿ ਇਸ ਬੁੱਤ ਨੂੰ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 16 ਸਤੰਬਰ 2000 ਨੂੰ ਉਸ ਦੇ ਅਮਰੀਕਾ ਦੇ ਦੌਰੇ ਦੌਰਾਨ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਹਾਜ਼ਰੀ ਵਿੱਚ ਸਥਾਪਿਤ ਕੀਤਾ ਸੀ।ਮੂਰਤੀ ਦੇ ਅਪਮਾਨ ਦੀ ਇਹ ਘਟਨਾ ਦੂਜੀ ਵਾਰ ਹੋਈ ਹੈ। ਇਸ ਤੋਂ ਪਹਿਲਾਂ 2 ਅਤੇ 3 ਜੂਨ ਨੂੰ ਅੱਧੀ ਰਾਤ ਵੇਲੇ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ।

ਪੜ੍ਹੋ ਇਹ ਅਹਿਮ ਖਬਰ- ਚੰਨ ਦੀ ਸਤਹਿ ਤੋਂ ਨਮੂਨੇ ਲੈ ਕੇ ਧਰਤੀ 'ਤੇ ਪਰਤ ਰਿਹਾ ਹੈ ਚੀਨੀ ਕੈਪਸੂਲ

ਨੋਟ- ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਅਪਮਾਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News