ਭਾਰਤੀ-ਅਮਰੀਕੀ ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਦੋਸ਼ੀ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 45 ਲੱਖ ਦਾ ਇਨਾਮ
Thursday, Nov 11, 2021 - 03:31 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਜਾਰਜੀਆ ਸੂਬੇ ਵਿਚ ਘਰੇਲੂ ਝਗੜਾ ਸੁਲਝਾਉਣ ਗਏ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ 38 ਸਾਲਾ ਭਾਰਤੀ-ਅਮਰੀਕੀ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਦਰਅਸਲ ਪੁਲਸ ਮੁਲਾਜ਼ਮ ਪਰਮਹੰਸ ਦੇਸਾਈ ਬੀਤੀ 4 ਨਵੰਬਰ ਦੀ ਸ਼ਾਮ ਨੂੰ ਮੈਕਡੋਨਫ ਵਿਚ ਕੀਜ਼ ਫੈਰੀ ਰੋਡ ਅਤੇ ਫਲੋਰੇਸਟਾ ਡਰਾਈਵ ਦੇ ਨੇੜੇ ਇਕ ਘਰ ਵਿਚ ਘਰੇਲੂ ਝਗੜਾ ਨਿਪਟਾਉਣ ਲਈ ਗਏ ਸਨ। ਜਦੋਂ ਉਨ੍ਹਾਂ ਨੇ ਮੈਕਡੋਨਫ ਦੇ ਰਹਿਣ ਵਾਲੇ ਜੌਰਡਨ ਜੈਕਸਨ (22) ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਅਤੇ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ।
ਇਸ ਘਟਨਾ ਮਗਰੋਂ ਦੇਸਾਈ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਹੈਨਰੀ ਕਾਉਂਟੀ ਪੁਲਸ ਵਿਭਾਗ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਏ ਹਨ। ਦੇਸਾਈ ਜਾਰਜੀਆ ਦੇ ਦੂਜੇ ਅਧਿਕਾਰੀ ਹਨ, ਜਿਨ੍ਹਾਂ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਦੇਸਾਈ ਹੈਨਰੀ ਕਾਉਂਟੀ ਪੁਲਸ ਵਿਭਾਗ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਹੇ ਸਨ।
ਦੱਸ ਦੇਈਏ ਕਿ ਜੌਰਡਨ ਜੈਕਸਨ ਦੀ ਗ੍ਰਿਫ਼ਤਾਰੀ ਲਈ ਜਾਰਜੀਆ ਅਤੇ NBA (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਹਾਲ ਆਫ ਫੇਮਰ ਸ਼ਕੀਲ ਓ'ਨੀਲ ਦੇ ਜਾਂਚਕਰਤਾਵਾਂ ਨੇ ਪਿਛਲੇ ਹਫ਼ਤੇ ਪਰਮਹੰਸ ਦੇਸਾਈ ਨਾਮ ਦੇ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਬਾਰੇ ਕੋਈ ਵੀ ਜਾਣਕਾਰੀ ਲਈ 30,000 ਅਮਰੀਕੀ ਡਾਲਰ ਦਾ ਇਨਾਮ ਦੇਣ ਪੇਸ਼ਕਸ਼ ਕੀਤੀ ਸੀ ਪਰ ਦੇਸਾਈ ਦੀ ਮੌਤ ਹੋਣ ਮਗਰੋਂ ਹੁਣ ਜੈਕਸਨ ਬਾਰੇ ਕੋਈ ਵੀ ਜਾਣਕਾਰੀ ਲਈ 60,000 ਅਮਰੀਕੀ ਡਾਲਰ (ਭਾਰਤੀ ਕਰੰਸੀ ਮੁਤਾਬਕ ਕਰੀਬ 44,69,130 ਰੁਪਏ) ਤੱਕ ਦਾ ਇਨਾਮ ਦੇਣ ਪੇਸ਼ਕਸ਼ ਕੀਤੀ ਗਈ ਹੈ।