ਇਸ ਜੀਵ ਦਾ ਹੈ ਨੀਲਾ ਖੂਨ, ਇਕ ਲੀਟਰ ਦੀ ਕੀਮਤ 11 ਲੱਖ
Friday, Mar 13, 2020 - 11:49 AM (IST)
ਵਾਸ਼ਿੰਗਟਨ (ਬਿਊਰੋ): ਇਹ ਦੁਨੀਆ ਰਹੱਸਾਂ ਨਾਲ ਭਰਪੂਰ ਹੈ। ਇੱਥੇ ਜੀਵਾਂ ਅਤੇ ਪੌਦਿਆਂ ਦੀਆਂ ਕਈ ਦੁਰਲੱਭ ਕਿਸਮਾਂ ਪਾਈਆਂ ਜਾਂਦੀਆਂ ਹਨ। ਹੁਣ ਤੱਕ ਤੁਸੀਂ ਸਿਰਫ ਲਾਲ ਖੂਨ ਵਾਲੇ ਜੀਵਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਨੀਲੇ ਖੂਨ ਵਾਲੇ ਜੀਵ ਦੇ ਬਾਰੇ ਵਿਚ ਸੁਣਿਆ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਦੁਨੀਆ ਵਿਚ ਇਕ ਅਜਿਹਾ ਜੀਵ ਵੀ ਹੈ ਜਿਸ ਦਾ ਖੂਨ ਲਾਲ ਨਹੀਂ ਸਗੋਂ ਨੀਲੇ ਰੰਗ ਦਾ ਹੈ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਜੀਵ ਦੇ ਇਕ ਲੀਟਰ ਨੀਲੇ ਖੂਨ ਦੀ ਕੀਮਤ 11 ਲੱਖ ਰੁਪਏ ਹੈ। ਨੀਲੇ ਖੂਨ ਵਾਲੇ ਇਸ ਜੀਵ ਦਾ ਨਾਮ 'ਹੌਰਸ ਸ਼ੂ' ਹੈ ਜੋ ਇਕ ਦੁਰਲੱਭ ਪ੍ਰਜਾਤੀ ਦਾ ਕੇਕੜਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਹੌਰਸ ਸ਼ੂ ਕੇਕੜਾ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਾਂ ਵਿਚੋਂ ਇਕ ਹੈ ਅਤੇ ਉਹ ਧਰਤੀ 'ਤੇ ਘੱਟੋ-ਘੱਟ 45 ਕਰੋੜ ਸਾਲ ਤੋਂ ਹੈ।
ਅਟਲਾਂਟਿਕ, ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਪਾਏ ਜਾਣ ਵਾਲੇ ਹੌਰਸ ਸ਼ੂ ਕੇਕੜੇ ਬਸੰਤ ਰੁੱਤ ਵਿਚ ਮਈ-ਜੂਨ ਦੇ ਮਹੀਨੇ ਤੱਕ ਦਿਖਾਈ ਦਿੰਦੇ ਹਨ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਪੁੰਨਿਆ ਦੇ ਸਮੇਂ ਹਾਈ ਟਾਈਡ ਵਿਚ ਇਹ ਸਮੁੰਦਰ ਦੀ ਸਤਹਿ ਤੱਕ ਆ ਜਾਂਦੇ ਹਨ। ਜੇਕਰ ਗੱਲ ਇਸ ਕੇਕੜੇ ਦੀ ਕੀਮਤ ਦੀ ਕਰੀਏ ਤਾਂ ਇਹਨਾਂ ਦਾ ਇਕ ਲੀਟਰ ਨੀਲਾ ਖੂਨ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਤੱਕ ਵਿਕਦਾ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਤਰਲ ਪਦਾਰਥ ਵੀ ਕਿਹਾ ਜਾਂਦਾ ਹੈ।
ਖਾਸ ਕਰ ਕੇ ਦਵਾਈ ਕੰਪਨੀਆਂ ਇਸ ਦੇ ਖੂਨ ਦੀ ਵਰਤੋਂ ਕਈ ਦਵਾਈਆਂ ਬਣਾਉਣ ਵਿਚ ਕਰਦੀਆਂ ਹਨ। ਦੱਸਿਆ ਗਿਆ ਹੈ ਕਿ ਹੌਰਸ਼ ਸ਼ੂ ਕੇਕੜੇ ਦੇ ਖੂਨ ਦੀ ਵਰਤੋਂ ਸਾਲ 1970 ਤੋਂ ਵਿਗਿਆਨੀ ਕਰ ਰਹੇ ਹਨ। ਇਸ ਦੇ ਜ਼ਰੀਏ ਵਿਗਿਆਨੀ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਦੇ ਜੀਵਾਣੂ ਰਹਿਤ ਹੋਣ ਦੀ ਜਾਂਚ ਕਰਦੇ ਹਨ। ਇਹਨਾਂ ਵਿਚ ਆਈ.ਵੀ. ਅਤੇ ਟੀਕਾਕਰਨ ਲਈ ਵਰਤੇ ਜਾਣ ਵਾਲੇ ਮੈਡੀਕਲ ਉਪਕਰਨ ਵੀ ਸ਼ਾਮਲ ਹਨ। ਅਟਲਾਂਟਿਕ ਸਟੇਟਸ ਮਰੀਨ ਫਿਸ਼ਰੀਜ਼ ਕਮਿਸ਼ਨ ਦੇ ਮੁਤਾਬਕ,''ਹਰੇਕ ਸਾਲ 5 ਕਰੋੜ ਅਟਲਾਂਟਿਕ ਹੌਰਸ ਸ਼ੂ ਕੇਕੜਿਆਂ ਦੀ ਵਰਤੋਂ ਮੈਡੀਕਲ ਕੰਮਾਂ ਵਿਚ ਹੁੰਦੀ ਹੈ।''
ਜਾਣਕਾਰ ਦੱਸਦੇ ਹਨ ਕਿ ਹੌਰਸ ਸ਼ੂ ਕੇਕੜੇ ਦੇ ਨੀਲੇ ਖੂਨ ਵਿਚ ਤਾਂਬਾ ਮੌਜੂਦ ਹੁੰਦਾ ਹੈ। ਨਾਲ ਹੀ ਇਕ ਖਾਸ ਰਸਾਇਣ ਹੁੰਦਾ ਹੈ ਜੋ ਕਿਸੇ ਬੈਕਟੀਰੀਆ ਦੇ ਆਲੇ-ਦੁਆਲੇ ਜਮਾਂ ਹੋ ਜਾਂਦਾ ਹੈ ਅਤੇ ਉਸ ਦੀ ਪਛਾਣ ਕਰਦਾ ਹੈ। ਇਹਨਾਂ ਕੇਕੜਿਆਂ ਦਾ ਖੂਨ ਉਹਨਾਂ ਦੇ ਦਿਲ ਨੇੜੇ ਛੇਦ ਕਰਕੇ ਕੱਢਿਆ ਜਾਂਦਾ ਹੈ। ਇਕ ਕੇਕੜੇ ਤੋਂ 30 ਫੀਸਦੀ ਖੂਨ ਕੱਢਿਆ ਜਾਂਦਾ ਹੈ ਫਿਰ ਉਹਨਾਂ ਨੂੰ ਵਾਪਸ ਸਮੁੰਦਰ ਵਿਚ ਛੱਡ ਦਿੱਤਾ ਜਾਂਦਾ ਹੈ। ਉੱਥੇ ਇਕ ਰਿਪੋਰਟ ਮੁਤਾਬਕ 10 ਤੋਂ 30 ਫੀਸਦੀ ਕੇਕੜੇ ਖੂਨ ਕੱਢਣ ਦੀ ਪ੍ਰਕਿਰਿਆ ਵਿਚ ਮਰ ਜਾਂਦੇ ਹਨ। ਇਸ ਦੇ ਬਾਅਦ ਬਚੇ ਮਾਦਾ ਕੇਕੜਿਆਂ ਨੂੰ ਪ੍ਰਜਣਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਇਨਫੈਕਟਿਡ ਫੇਫੜਿਆਂ ਦੀ 3ਡੀ ਵੀਡੀਓ ਹੋਈ ਜਾਰੀ
ਇਸ ਸਮੇਂ ਦੁਨੀਆ ਵਿਚ ਫਿਲਹਾਲ ਹੌਰਸ ਸ਼ੂ ਕੇਕੜਿਆਂ ਦੀਆਂ 4 ਪ੍ਰਜਾਤੀਆਂ ਹੀ ਬਚੀਆਂ ਹਨ। ਕਈ ਪ੍ਰਜਾਤੀਆਂ ਤਾਂ ਸ਼ਿਕਾਰ ਅਤੇ ਪ੍ਰਦੂਸ਼ਣ ਦੇ ਕਾਰਨ ਖਤਰੇ ਵਿਚ ਹਨ। ਦੁਨੀਆ ਵਿਚ ਇਸ ਪ੍ਰਜਾਤੀ ਦੇ ਕੇਕੜਿਆਂ 'ਤੇ ਲਗਾਤਾਰ ਖਤਰਾ ਬਣਿਆ ਰਹਿੰਦਾ ਹੈ। ਇਹਨਾਂ ਦੇ ਖੂਨ ਕਾਰਨ ਇਹਨਾਂ ਦੀ ਬਲੈਕ ਮਾਰਕੀਟਿੰਗ ਹੁੰਦੀ ਹੈ।