ਫੇਸਬੁੱਕ ਕੋਰੋਨਾਵਾਇਰਸ ਨਾਲ ਜੁੜੀ 'ਅਧਿਕਾਰਤ' ਸਮੱਗਰੀ ਕਰੇਗਾ ਪੋਸਟ
Thursday, Mar 19, 2020 - 11:44 AM (IST)
ਵਾਸ਼ਿੰਗਟਨ (ਭਾਸ਼ਾ): ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ ਅਤੇ ਵਟਸਐਪ 'ਤੇ ਗਲਤ ਸੂਚਨਾਵਾਂ ਦੇ ਪ੍ਰਸਾਰ 'ਤੇ ਲਗਾਮ ਲਗਾਉਣ ਲਈ ਯੂਜ਼ਰ ਫੀਡ ਦੇ ਸਿਖਰ 'ਤੇ ਕੋਰੋਨਾਵਾਇਰਸ ਨਾਲ ਸਬੰਧਤ ਅਧਿਕਾਰਤ ਸਮੱਗਰੀ ਪੋਸਟ ਕਰੇਗਾ। ਪ੍ਰਮੁੱਖ ਸੋਸ਼ਲ ਨੈੱਟਵਰਕ ਨੇ ਬੁੱਧਵਾਰ ਨੂੰ ਕਿਹਾ,''ਵੱਖਰੇ ਰਹਿ ਰਹੇ ਲੋਕਾਂ ਦੇ ਵਟਸਐਪ 'ਤੇ ਜ਼ਿਆਦਾ ਵੋਇਸ ਅਤੇ ਵੀਡੀਓ ਕਾਲ ਕਰਨ ਦੇ ਕਾਰਨ ਉਸ ਨੇ ਵਟਸਐਪ ਦੀ ਸਮਰੱਥਾ ਲੱਗਭਗ ਦੁੱਗਣੀ ਕਰ ਦਿੱਤੀ ਹੈ।''
ਫੇਸਬੁੱਕ ਦੇ ਸਿਹਤ ਪ੍ਰਮੁੱਖ ਕਾਂਗ-ਸ਼ਿੰਗ ਚਿਨ ਨੇ ਕਿਹਾ ਕਿ ਫੇਸਬੁੱਕ ਨੇ ਵਟਸਐਪ 'ਤੇ ਗਲਤ ਸੂਚਨਾਵਾਂ 'ਤੇ ਲਗਾਮ ਲਾਉਣ ਅਤੇ ਤੱਥਾਂ ਦੀ ਜਾਂਚ ਕਰਨ ਵਾਲਿਆਂ ਦੀ ਮੌਜੂਦਗੀ ਵਧਾਉਣ ਲਈ ਇੰਟਰਨੈਸ਼ਨਲ ਫੈਕਟ ਚੈਕਿੰਗ ਨੈੱਟਵਰਕ ਨੂੰ 10 ਲੱਖ ਡਾਲਰ ਦਾ ਦਾਨ ਦਿੱਤਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਕੰਪਨੀ ਦੀਆਂ ਕੋਸ਼ਿਸ਼ਾਂ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ,''ਟੀਮਾਂ ਇਹ ਯਕੀਨੀ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ ਕਿ ਸੇਵਾਵਾਂ ਸੁਚਾਰੂ ਢੰਗ ਨਾਲ ਚੱਲਣ ਕਿਉਂਕਿ ਸਾਫ ਤੌਰ 'ਤੇ ਇਹ ਅਜਿਹਾ ਸਮਾਂ ਹੈ ਜਦੋਂ ਲੋਕ ਇਕ-ਦੂਜੇ ਦੇ ਸੰਪਰਕ ਵਿਚ ਰਹਿਣਾ ਚਾਹੁੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਕਾਰਨ ਅਮਰੀਕਾ ਨੇ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
ਸਿਹਤ ਸੰਗਠਨਾਂ ਦੇ ਨਾਲ ਮਿਲ ਕੇ ਸੂਚਨਾ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਅਮਰੀਕਾ ਅਤੇ ਯੂਰਪ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਫਿਰ ਹੋਰ ਥਾਵਾਂ 'ਤੇ ਵੀ ਇਸ ਨੂੰ ਵਿਸਥਾਰ ਦੇਣ ਦੀ ਯੋਜਨਾ ਹੈ। ਜ਼ੁਕਰਬਰਗ ਦੇ ਮੁਤਾਬਕ,''ਸੂਚਨਾ ਕੇਂਦਰ ਵਿਚ ਕੋਰੋਨਾਵਾਇਰਸ ਦੇ ਖਤਰੇ ਨੂੰ ਘੱਟ ਕਰਨ ਲਈ ਜਨ ਸਿਹਤ ਮਾਹਰਾਂ, ਮਸ਼ਹੂਰ ਹਸਤੀਆਂ ਦੀ ਜਾਣਕਾਰੀ ਅਤੇ ਹੋਰ ਪ੍ਰੇਰਣਾਦਾਇਕ ਤਰੀਕੇ ਦਿਖਾਏ ਜਾਣਗੇ।'' ਜ਼ੁਕਰਬਰਗ ਫੇਸਬੁੱਕ ਦੇ ਉਹਨਾਂ ਕਰਮਚਾਰੀਆਂ ਵਿਚ ਸ਼ਾਮਲ ਹਨ ਜੋ ਘਰੋਂ ਕੰਮ ਕਰ ਰਹੇ ਹਨ। ਆਪਣੀ ਡਾਕਟਰ ਪਤਨੀ ਪ੍ਰਿਸਿਲਾ ਅਤੇ ਬੱਚਿਆਂ ਦੇ ਨਾਲ ਘਰੋਂ ਕੰਮ ਕਰ ਰਹੇ ਜ਼ੁਕਰਬਰਗ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਹਰ ਕਿਸੇ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਅਤੇ ਫਿਰ ਮੇਰੇ ਖੁਦ ਦਾ ਅਜਿਹਾ ਨਾ ਕਰਨਾ ਚੰਗਾ ਹੋਵੇਗਾ।''