ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ਬੰਦ ਕਰਨ ਦੀ ਦਿੱਤੀ ਚਿਤਾਵਨੀ

Saturday, Mar 30, 2019 - 09:35 AM (IST)

ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ਬੰਦ ਕਰਨ ਦੀ ਦਿੱਤੀ ਚਿਤਾਵਨੀ

ਵਾਸ਼ਿੰਗਟਨ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੈਕਸੀਕੋ ਸ਼ਰਨਾਰਥੀਆਂ ਦੇ ਗੈਰ ਕਾਨੂੰਨੀ ਦਾਖਲੇ ਨੂੰ ਨਹੀਂ ਰੋਕਦਾ ਤਾਂ ਅਮਰੀਕਾ-ਮੈਕਸੀਕੋ ਸਰਹੱਦ ਨੂੰ ਸੀਲ ਕਰ ਦਿੱਤਾ ਜਾਵੇਗਾ। ਟਰੰਪ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਕਸੀਕੋ 'ਤੇ ਦੋਸ਼ ਲਗਾਇਆ ਕਿ ਉਹ ਦੱਖਣੀ ਸਰਹੱਦ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਨਹੀਂ ਰੋਕ ਰਿਹਾ ਹੈ। ਉਨ੍ਹਾਂ ਨੇ ਕਿਹਾ,''ਜੇਕਰ ਮੈਕਸੀਕੋ ਉਨ੍ਹਾਂ ਨੂੰ ਨਹੀਂ ਰੋਕੇਗਾ ਤਾਂ ਅਸੀਂ ਸਰਹੱਦ ਬੰਦ ਕਰ ਦਿਆਂਗੇ ਅਤੇ ਲੰਬੇ ਸਮੇਂ ਤੱਕ ਬੰਦ ਰੱਖਾਂਗੇ। ਮੈਂ ਕੋਈ ਖੇਡ ਨਹੀਂ ਖੇਡ ਰਿਹਾ ਹਾਂ।'' 

ਟਰੰਪ ਦਾ ਇਹ ਬਿਆਨ ਇਕ ਹਫਤੇ ਪਹਿਲਾਂ ਟਵਿੱਟਰ 'ਤੇ ਮੈਕਸੀਕੋ ਨੂੰ ਇਸ ਸਬੰਧ ਵਿਚ ਚਿਤਾਵਨੀ ਦੇਣ ਦੇ ਬਾਅਦ ਆਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਸੀ,''ਜੇਕਰ ਮੈਕਸੀਕੋ ਦੱਖਣੀ ਸਰਹੱਦ ਤੋਂ ਆਉਣ ਵਾਲੀ ਸਾਰੇ ਸ਼ਰਨਾਰਥੀਆਂ ਨੂੰ ਤੁਰੰਤ ਨਹੀਂ ਰੋਕਦਾ ਹੈ ਤਾਂ ਮੈਂ ਅਗਲੇ ਹਫਤੇ ਸਰਹੱਦ ਨੂੰ ਬੰਦ ਕਰ ਦਿਆਂਗਾ ਜਾਂ ਸਰਹੱਦ ਦੇ ਇਕ ਵੱਡੇ ਹਿੱਸੇ ਨੂੰ ਸੀਲ ਕਰ ਦਿੱਤਾ ਜਾਵੇਗਾ।'' ਟਰੰਪ ਦੀ ਚਿਤਾਵਨੀ ਦੇ ਬਾਅਦ ਮੈਕਸੀਕੋ ਦੇ ਵਿਦੇਸ਼ ਸਕੱਤਰ ਮਾਰਸੇਲੋ ਈਬਾਰਡ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਮੈਕਸੀਕੋ ਧਮਕੀਆਂ ਨਾਲ ਡਰਨ ਵਾਲਿਆਂ ਵਿਚ ਨਹੀਂ। ਉਹ ਧਮਕੀਆਂ ਦੇ ਡਰ ਨਾਲ ਕੰਮ ਨਹੀਂ ਕਰਦਾ।''

ਟਰੰਪ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦੇ ਵਾਅਦੇ ਦੇ ਨਾਲ ਸਾਲ 2016 ਵਿਚ ਰਾਸ਼ਟਰਪਤੀ ਚੋਣ ਮੈਦਾਨ ਵਿਚ ਉਤਰੇ ਸਨ। ਆਪਣਾ ਇਹ ਵਾਅਦਾ ਪੂਰਾ ਕਰਨ ਦੀ ਦਿਸ਼ਾ ਵਿਚ ਉਨ੍ਹਾਂ ਨੇ ਕਦਮ ਵੀ ਚੁੱਕਿਆ ਪਰ ਇਸ ਦੇ ਨਿਰਮਾਣ ਲਈ ਕਾਂਗਰਸ ਤੋਂ ਉਨ੍ਹਾਂ ਨੂੰ ਅਰਬਾਂ ਡਾਲਰਾਂ ਦੀ ਮਨਜ਼ੂਰੀ ਨਹੀਂ ਮਿਲੀ। ਇਸ ਦੇ ਬਾਅਦ ਉਹ ਬੀਤੇ ਸਾਲ ਦੇ ਅਖੀਰ ਤੋਂ ਇਸ ਸਰਹੱਦ ਨੂੰ ਬੰਦ ਕਰਨ ਦੀ ਲਗਾਤਾਰ ਧਮਕੀ ਦਿੰਦੇ ਰਹੇ ਹਨ। ਹਾਲ ਹੀ ਵਿਚ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਨੇ ਸੰਸਦ ਨੂੰ ਦੱਸਿਆ ਕਿ ਉਸ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਨਵੀਂ ਕੰਧ ਦੇ ਨਿਰਮਾਣ ਲਈ ਇਕ ਅਰਬ ਡਾਲਰ ਦੇ ਟਰਾਂਸਫਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੈਮੋਕ੍ਰੈਟਿਕ ਨੇਤਾਵਾਂ ਨੇ ਭਾਵੇਂਕਿ ਇਸ ਦਾ ਵਿਰੋਧ ਕੀਤਾ ਹੈ।


author

Vandana

Content Editor

Related News