ਅਮਰੀਕਾ, ਚੀਨ ਨਾਲ ਸਮਝੌਤਾ ਕੀਤੇ ਬਿਨਾਂ ਵੀ ਅੱਗੇ ਵਧ ਸਕਦੈ : ਟਰੰਪ

Friday, Jan 25, 2019 - 09:32 PM (IST)

ਅਮਰੀਕਾ, ਚੀਨ ਨਾਲ ਸਮਝੌਤਾ ਕੀਤੇ ਬਿਨਾਂ ਵੀ ਅੱਗੇ ਵਧ ਸਕਦੈ : ਟਰੰਪ

ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਕਿ ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਜ਼ਿਆਦਾ ਸ਼ੁਲਕ ਲਾਉਣ ਦੀ ਆਪਣੀ ਮੌਜੂਦਾ ਨੀਤੀ ਨੂੰ ਲੈ ਕੇ ਉਹ ਕਾਫੀ ਖੁਸ਼ ਹਨ। ਪਰ ਬੌਧਿਕ ਜਾਇਦਾਦ ਅਧਿਕਾਰਾਂ ਦੇ ਫਾਇਦੇ ਲਈ ਉਹ ਉਸ ਨਾਲ ਵਪਾਰ ਸਮਝੌਤਾ ਕਰਨਾ ਪਸੰਦ ਕਰੇਗਾ। ਵ੍ਹਾਈਟ ਹਾਊਸ 'ਚ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਹੁਣ ਚੀਨ ਨਾਲ ਜੋ ਕਰ ਰਹੇ ਹਾਂ, ਮੇਰੇ ਹਿਸਾਬ ਨਾਲ ਇਸ ਦਾ ਪ੍ਰਭਾਵ ਜਾਰੀ ਰਹੇਗਾ। ਉਨ੍ਹਾਂ ਦਾ ਇਹ ਬਿਆਨ ਚੀਨ ਨਾਲ ਅਗਲੇ ਹਫਤੇ ਹੋਣ ਵਾਲੀ ਉੱਚ ਪੱਧਰੀ ਪ੍ਰਤੀਨਿਧੀ ਬੈਠਕ ਤੋਂ ਪਹਿਲਾਂ ਆਇਆ ਹੈ। ਇਸ ਬੈਠਕ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਤਣਾਅ ਨੂੰ ਖਤਮ ਕਰਨ ਲਈ 1 ਮਾਰਚ ਤੋਂ ਪਹਿਲਾ ਹੱਲ ਕੱਢਣਾ ਹੈ। ਉਨ੍ਹਾਂ ਆਖਿਆ ਕਿ ਹੁਣ ਅਸੀਂ ਚੰਗਾ ਸ਼ੁਲਕ ਲਾ ਰਹੇ ਹਾਂ ਅਤੇ 1 ਮਾਰਚ ਤੋਂ ਬਾਅਦ ਕਾਫੀ ਹੱਦ ਤੱਕ ਇਹ ਹੋਰ ਵਧੇਗਾ। ਮੇਰਾ ਵਿਚਾਰ ਹੈ ਕਿ ਚੀਨ ਇਕ ਸਮਝੌਤਾ ਕਰਨਾ ਪਸੰਦ ਕਰੇਗਾ। ਅਸੀਂ ਵੀ ਸਮਝੌਤਾ ਕਰਨਾ ਪਸੰਦ ਕਰਾਂਗੇ। ਜੇਕਰ ਮੈਂ ਤੁਹਾਡੀ ਈਮਾਨਦਾਰੀ ਨਾਲ ਕਹਾਂ ਤਾਂ ਹੁਣ ਅਸੀਂ ਜਿੱਥੇ ਹਾਂ, ਮੈਨੂੰ ਇਹੀ ਪਸੰਦ ਹੈ। ਅਸੀਂ ਖੁਸ਼ ਹਾਂ। ਅਸੀਂ ਆਪਣੇ ਖਜ਼ਾਨੇ ਨੂੰ ਚੀਨ ਤੋਂ ਮਿਲਣ ਵਾਲੇ ਅਰਬਾਂ ਡਾਲਰ ਨਾਲ ਭਰਾਂਗੇ। ਕਦੇ ਸਾਡੇ ਖਜ਼ਾਨੇ 'ਚ 10 ਸੈਂਟ ਤੱਕ ਨਹੀਂ ਆਏ ਅਤੇ ਹੁਣ ਅਰਬਾਂ ਡਾਲਰ ਆ ਰਹੇ ਹਨ। ਟਰੰਪ ਨੇ ਆਖਿਆ ਕਿ ਜੇਕਰ ਅਸੀਂ ਬੌਧਿਕ ਜਾਇਦਾਦ ਅਧਿਕਾਰ ਅਤੇ ਉਸ ਦੀ ਚੋਰੀ 'ਤੇ ਕੋਈ ਸਮਝੌਤਾ ਕਰ ਸਕੀਏ ਤਾਂ ਇਹ ਬਹੁਤ ਵਧੀਆ ਹੋਵੇਗਾ। ਬਾਕੀ ਹੋਰਨਾਂ ਮਾਮਲਿਆਂ 'ਤੇ ਉਨ੍ਹਾਂ ਨਾਲ ਅਸੀਂ ਗੱਲਬਾਤ ਕਰ ਹੀ ਰਹੇ ਹਾਂ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਟਰੰਪ ਚੀਨ ਵਾਜਬ ਅਤੇ ਆਪਸੀ ਵਪਾਰ ਦੀ ਇੱਛਾ ਰੱਖਦੇ ਹਨ।


Related News