ਅਮਰੀਕਾ ਤੇ ਮੈਕਸੀਕੋ ਦੇ ਸੀਨੀਅਰ ਡਿਪਲੋਮੈਟਾਂ ਨੇ ਕੀਤੀ ਮੁਲਾਕਾਤ

Monday, Dec 03, 2018 - 04:57 PM (IST)

ਅਮਰੀਕਾ ਤੇ ਮੈਕਸੀਕੋ ਦੇ ਸੀਨੀਅਰ ਡਿਪਲੋਮੈਟਾਂ ਨੇ ਕੀਤੀ ਮੁਲਾਕਾਤ

ਵਾਸ਼ਿੰਗਟਨ (ਭਾਸ਼ਾ)— ਸ਼ਰਨਾਰਥੀ ਵਿਵਾਦ ਵਿਚਕਾਰ ਅਮਰੀਕਾ ਤੇ ਮੈਕਸੀਕੋ ਦੇ ਸੀਨੀਅਰ ਡਿਪਲੋਮੈਟਾਂ ਨੇ ਐਤਵਾਰ ਨੂੰ ਮੁਲਾਕਾਤ ਕੀਤੀ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਾਰਦ ਨੇ ਸੀਮਾ 'ਤੇ ਸ਼ਰਨਾਰਥੀਆਂ ਦੀ ਮੌਜੂਦਗੀ ਕਾਰਨ ਦੋਹਾਂ ਦੇਸ਼ਾਂ ਵਿਚ ਪੈਦਾ ਹੋਏ ਤਣਾਅ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਬੈਠਕ ਨੂੰ 'ਦੋਸਤਾਨਾ' ਕਰਾਰ ਦਿੱਤਾ।  ਇਹ ਬੈਠਕ ਐਂਡਰਸ ਮੈਨੁਅਲ ਲੋਪੇਜ਼ ਓਬਰਾਡੋਰ ਦੇ ਮੈਕਸੀਕੋ ਦੇ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਦੇ ਇਕ ਦਿਨ ਬਾਅਦ ਹੋਈ। ਐਬਾਰਦ ਨੇ ਟਵਿੱਟਰ 'ਤੇ ਬੈਠਕ ਦੀ ਜਾਣਕਾਰੀ ਦਿੰਦਿਆਂ ਲਿਖਿਆ,''ਮੈਕਸੀਕੋ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਬਣੀ ਸਮਝ ਵੱਲ ਪਹਿਲੇ ਕਦਮ ਦੇ ਤੌਰ 'ਤੇ ਦੋਸਤਾਨਾ ਗੱਲਬਾਤ।''

ਉਨ੍ਹਾਂ ਨੇ ਲਿਖਿਆ,''ਮੈਂ ਰਾਸ਼ਟਰਪਤੀ ਲੋਪੇਜ਼ ਓਬਰਾਡੋਰ ਦੇ ਨਵੇਂ ਪ੍ਰਸ਼ਾਸਨ ਦੇ ਪ੍ਰਤੀ ਉਨ੍ਹਾਂ ਦੇ ਰਵੱਈਏ ਅਤੇ ਸਨਮਾਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ।'' ਲੋਪੇਜ਼ ਨੇ ਕਰੀਬ 5 ਮਹੀਨੇ ਪਹਿਲਾਂ ਚੋਣਾਂ ਵਿਚ ਇਕ ਪਾਸੜ ਜਿੱਤ ਹਾਸਲ ਕਰਨ ਦੇ ਬਾਅਦ ਬੀਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਦੇ ਪਹਿਲੇ ਅੱਖਰਾਂ 'ਏ.ਐੱਮ.ਐੱਲ.ਓ.' ਦੇ ਨਾਲ ਜਾਣਿਆ ਜਾਂਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਰਟ ਮੁਤਾਬਕ,''ਐਤਵਾਰ ਨੂੰ ਪੋਂਪਿਓ ਅਤੇ ਐਬਾਰਦ ਨੇ ਭਵਿੱਖ ਵਿਚ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨ ਦੀ ਸਾਂਝੀ ਵਚਨਬੱਧਤਾ 'ਤੇ ਚਰਚਾ ਕੀਤੀ।'' ਦੋਵੇਂ ਦੇਸ਼ ਲੰਬੇਂ ਸਮੇਂ ਤੋਂ ਮੈਕਸੀਕੋ ਦੀ ਸੀਮਾ 'ਤੇ ਮੌਜੂਦ ਸ਼ਰਨਾਰਥੀਆਂ ਦੇ ਮੁੱਦੇ ਨਾਲ ਨਜਿੱਠਣ ਵਿਚ ਜੁੱਟੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਚਾਹੁੰਦੇ ਹਨ ਕਿ ਲੋਪੇਜ਼ ਓਬਰਾਡੋਰ ਸ਼ਰਨਾਰਥੀਆਂ 'ਤੇ ਚੱਲ ਰਹੇ ਮੁਕੱਦਮਿਆਂ ਦੇ ਪੂਰੇ ਹੋਣ ਤੱਕ ਸ਼ਰਨਾਰਥੀਆਂ ਨੂੰ ਮੈਕਸੀਕੋ ਵਿਚ ਹੀ ਰਹਿਣ ਦੇਣ।


author

Vandana

Content Editor

Related News