ਅਮਰੀਕਾ ਵੀ ਕਰਨ ਲੱਗਾ ਖਾਲਿਸਤਾਨੀਆਂ ਦੀ ਵਕਾਲਤ, ਸਾਬਕਾ ਭਾਰਤੀ ਅਧਿਕਾਰੀ ’ਤੇ ਲਾਇਆ ਦੋਸ਼
Saturday, Oct 19, 2024 - 11:07 AM (IST)

ਜਲੰਧਰ (ਇੰਟ.) : ਕੈਨੇਡਾ ਤੋਂ ਬਾਅਦ ਅਮਰੀਕਾ ਨੇ ਵੀ ਹੁਣ ਖਾਲਿਸਤਾਨੀ ਅੱਤਵਾਦੀਆਂ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਨੇ ਕਥਿਤ ਭਾਰਤੀ ਖੁਫੀਆ ਅਧਿਕਾਰੀ ਵਿਕਾਸ ਯਾਦਵ ’ਤੇ ਨਿਊਯਾਰਕ ਸਿਟੀ ਵਿਚ ਖਾਲਿਸਤਾਨੀ ਅਾਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।
ਰਿਪੋਰਟ ਮੁਤਾਬਕ ਅਮਰੀਕੀ ਨਿਆਂ ਵਿਭਾਗ ਨੇ 17 ਅਕਤੂਬਰ ਨੂੰ ਵਿਕਾਸ ਯਾਦਵ ਖਿਲਾਫ ਚਾਰਜਸ਼ੀਟ ਜਾਰੀ ਕਰਨ ਦਾ ਹੁਕਮ ਦਿੱਤਾ ਸੀ। ਚਾਰਜਸ਼ੀਟ ਵਿਚ ਯਾਦਵ ਨੂੰ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਅੈਨਾਲਸਿਸ ਵਿੰਗ (ਰਾਅ) ਦਾ ਸਾਬਕਾ ਅਧਿਕਾਰੀ ਦੱਸਿਆ ਗਿਆ ਹੈ।
ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਸਿੱਖ ਵੱਖਵਾਦੀ ਆਗੂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟ ਸ਼ਾਮਲ ਸੀ। ਦੱਸ ਦੇਈਏ ਕਿ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ।
ਸਾਬਕਾ ਅਧਿਕਾਰੀ ਨੂੰ ਦੱਸਿਆ ਭਾਰਤ ਸਰਕਾਰ ਦਾ ਕਰਮਚਾਰੀ
ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇ ਦਾ ਹਵਾਲਾ ਦਿੰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਵਿਧਾਨਕ ਤੌਰ ’ਤੇ ਸੁਰੱਖਿਅਤ ਅਧਿਕਾਰਾਂ ਦੀ ਵਰਤੋਂ ਕਰਨ ਲਈ ਸੰਯੁਕਤ ਰਾਜ ਅਮਰੀਕਾ ਵਿਚ ਰਹਿ ਣ ਵਾਲੇ ਨਾਗਰਿਕਾਂ ਖਿਲਾਫ ਹਿੰਸਾ ਜਾਂ ਬਦਲਾ ਲੈਣ ਦੀਆਂ ਹੋਰ ਕੋਸ਼ਿਸ਼ਾਂ ਨੂੰ ਐੱਫ. ਬੀ. ਆਈ. ਬਰਦਾਸ਼ਤ ਨਹੀਂ ਕਰੇਗੀ।
ਇਲਜ਼ਾਮ ਵਿਚ ਦੋਸ਼ ਲਾਇਆ ਗਿਆ ਹੈ ਕਿ ਯਾਦਵ ਨੇ ਨਿਖਿਲ ਗੁਪਤਾ ਨਾਲ ਮਿਲ ਕੇ 2023 ਦੀਆਂ ਗਰਮੀਆਂ ਵਿਚ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਨਿਖਿਲ ਨੇ ਇਸ ਕਤਲ ਨੂੰ ਅੰਜਾਮ ਦੇਣ ਦਾ ਕੰਮ ਭਾੜੇ ਦੇ ਇਕ ਵਿਅਕਤੀ ਨੂੰ ਸੌਂਪਿਆ ਸੀ।
ਚਾਰਜਸ਼ੀਟ ਵਿਚ ਵਿਕਾਸ ਯਾਦਵ ਨੂੰ ਉਸ ਸਮੇਂ ਭਾਰਤ ਸਰਕਾਰ ਦਾ ਮੁਲਾਜ਼ਮ ਦੱਸਿਆ ਗਿਆ ਹੈ। ਇਲਜ਼ਾਮਾਂ ਮੁਤਾਬਕ ਯਾਦਵ ਨੇ ਭਾਰਤ ਅਤੇ ਵਿਦੇਸ਼ ਵਿਚ ਹੋਰ ਲੋਕਾਂ ਨਾਲ ਮਿਲ ਕੇ ਪੰਨੂ ਖ਼ਿਲਾਫ਼ ਸਾਜ਼ਿਸ਼ ਰਚੀ ਸੀ। ਇਲਜ਼ਾਮ ਵਿਚ ਪੰਨੂ ਨੂੰ ਇਕ ਸਿਆਸੀ ਕਾਰਕੁੰਨ, ਭਾਰਤ ਸਰਕਾਰ ਦਾ ਆਲੋਚਕ ਅਤੇ ਸਿੱਖਾਂ ਲਈ ਇਕ ਵੱਖਰੀ ਹੋਮਲੈਂਡ ਦਾ ਸਮਰਥਕ ਦੱਸਿਆ ਗਿਆ ਹੈ।
ਅਟਾਰਨੀ ਜਨਰਲ ਨੇ ਆਪਣੇ ਨਾਗਰਿਕਾਂ ਸਬੰਧੀ ਦਿੱਤੀ ਚਿਤਾਵਨੀ
ਨਿਖਿਲ ਸਬੰਧੀ ਅਟਾਰਨੀ ਜਨਰਲ ਮੈਰਿਕ ਬੀ. ਗਾਰਲੈਂਡ ਨੇ ਕਿਹਾ ਕਿ ਇਹ ਹਵਾਲਗੀ ਇਹ ਸਪੱਸ਼ਟ ਕਰਦੀ ਹੈ ਕਿ ਨਿਆਂ ਵਿਭਾਗ ਅਮਰੀਕੀ ਨਾਗਰਿਕਾਂ ਨੂੰ ਚੁੱਪ ਕਰਵਾਉਣ ਜਾਂ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਨਿਖਿਲ ਨੂੰ ਹੁਣ ਅਮਰੀਕੀ ਅਦਾਲਤ ਵਿਚ ਇਨਸਾਫ਼ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇਕ ਕਥਿਤ ਸਾਜ਼ਿਸ਼ ਵਿਚ ਸ਼ਾਮਲ ਸੀ, ਜਿਸ ਦਾ ਨਿਰਦੇਸ਼ ਭਾਰਤ ਸਰਕਾਰ ਦੇ ਇਕ ਕਰਮਚਾਰੀ ਵਲੋਂ ਦਿੱਤਾ ਗਿਆ ਸੀ।
ਇਸ ਵਿਚ ਭਾਰਤ ਵਿਚ ਸਿੱਖ ਵੱਖਵਾਦੀ ਲਹਿਰ ਦਾ ਸਮਰਥਨ ਕਰਨ ਵਾਲੇ ਇਕ ਅਮਰੀਕੀ ਨਾਗਰਿਕ ਨੂੰ ਨਿਸ਼ਾਨਾ ਬਣਾ ਕੇ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਮੈਰਿਕ ਬੀ. ਗਾਰਲੈਂਡ ਨੇ ਕਿਹਾ ਕਿ ਉਹ ਵਿਭਾਗ ਦੇ ਏਜੰਟਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਭਾਰਤ ਨੇ ਕਿਹਾ-ਮੁਲਜ਼ਮ ਸਰਕਾਰ ਦਾ ਕਰਮਚਾਰੀ ਨਹੀਂ
ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਭਾਰਤ ਸਰਕਾਰ ਦੀ ਇਕ ਕਮੇਟੀ ਨੇ ਵਾਸ਼ਿੰਗਟਨ ਵਿਚ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦਿਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਨੂੰ ਵਾਸ਼ਿੰਗਟਨ ਨੇ ਰਚਨਾਤਮਕ ਦੱਸਿਆ ਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨੂੰ ਸੂਚਿਤ ਕਰ ਦਿੱਤਾ ਹੈ ਕਿ ਨਿਆਂ ਵਿਭਾਗ ਦੇ ਦੋਸ਼ਾਂ ਵਿਚ ਨਾਮਜ਼ਦ ਵਿਅਕਤੀ ਹੁਣ ਭਾਰਤ ਸਰਕਾਰ ਦਾ ਕਰਮਚਾਰੀ ਨਹੀਂ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੇ ਪੰਨੂ ਦੇ ਮਾਮਲੇ ਵਿਚ ਅਮਰੀਕਾ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।
ਪੰਨੂ ਕੇਸ ਸਬੰਧ ੀ ਅਮਰੀਕੀ ਨਿਆਂ ਵਿਭਾਗ ਦੇ ਦੋਸ਼ ਵਿਚ ਨਾਮਜ਼ਦ ਵਿਅਕਤੀ ਬਾਰੇ ਇਕ ਹੋਰ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪੁਸ਼ਟੀ ਕੀਤੀ ਕਿ ਉਹ ਵਿਅਕਤੀ ਹੁਣ ਭਾਰਤ ਸਰਕਾਰ ਦਾ ਕਰਮਚਾਰੀ ਨਹੀਂ ਹੈ। ਭਾਰਤ ਸਰਕਾਰ ਨੇ ਅਮਰੀਕੀ ਧਰਤੀ ’ਤੇ ਕਿਸੇ ਵੀ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਅਜਿਹੀ ਕਿਸੇ ਸਾਜ਼ਿਸ਼ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਮੁਲਜ਼ਮ ਵਿਕਾਸ ਯਾਦਵ ਅਜੇ ਭਾਰਤ ’ਚ
ਭਾਰਤ ਸਿੱਖ ਵੱਖਵਾਦੀਆਂ ਨੂੰ ਅੱਤਵਾਦੀ ਅਤੇ ਆਪਣੀ ਸੁਰੱਖਿਆ ਲਈ ਖਤਰਾ ਦੱਸਦਾ ਅਾਇਆ ਹੈ। ਅਮਰੀਕੀ ਅਖਬਾਰ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ 39 ਸਾਲਾ ਵਿਕਾਸ ਅਜੇ ਵੀ ਭਾਰਤ ਵਿਚ ਹੈ ਅਤੇ ਅਮਰੀਕਾ ਉਸ ਦੀ ਹਵਾਲਗੀ ਚਾਹੁੰਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਸਬੰਧੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।
ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਨਾਂ ਦੇ ਇਕ ਭਾਰਤੀ ਨਾਗਰਿਕ ਨੂੰ ਨੌਕਰੀ ’ਤੇ ਰੱਖਿਆ, ਜਿਸ ’ਤੇ ਪਹਿਲਾਂ ਹੀ ਅਮਰੀਕੀ ਨਿਆਂ ਵਿਭਾਗ ਨੇ ਇਕ ਭਾਰਤੀ ਖੁਫੀਆ ਅਧਿਕਾਰੀ ਦੇ ਇਸ਼ਾਰੇ ’ਤੇ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ ਸੀ।
ਮੈਨਹੈਟਨ ਦੀ ਸੰਘੀ ਅਦਾਲਤ ਵਿਚ ਦਾਇਰ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਵਿਕਾਸ ਯਾਦਵ ਨੇ ਅਮਰੀਕਾ ਵਿਚ ਪੀੜਤ ਦੇ ਕਤਲ ਦੀ ਸਾਜ਼ਿਸ਼ ਘੜਨ ਲਈ ਨਿਖਿਲ ਗੁਪਤਾ ਨੂੰ ਭਰਤੀ ਕੀਤਾ ਸੀ। 53 ਸਾਲਾ ਨਿਖਿਲ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਬਾਅਦ ਵਿਚ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਨਿਆਂ ਵਿਭਾਗ ਨੇ ਵਿਕਾਸ’ਤੇ ਭਾੜੇ ਦੇ ਕਾਤਲ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਾਏ ਹਨ।