ਅਮਰੀਕਾ : ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ''ਤੇ ਬਣ ਰਹੀ ਫਿਲਮ ਲਈ ਇਕੱਠੀ ਕੀਤੀ ਰਾਸ਼ੀ

Thursday, Mar 21, 2019 - 11:07 AM (IST)

ਅਮਰੀਕਾ : ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ''ਤੇ ਬਣ ਰਹੀ ਫਿਲਮ ਲਈ ਇਕੱਠੀ ਕੀਤੀ ਰਾਸ਼ੀ

ਨਿਊਯਾਰਕ (ਰਾਜ ਗੋਗਨਾ)— ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਬਣ ਰਹੀ ਦਸਤਾਵੇਜ਼ੀ ਫਿਲਮ ਦੇ ਕਾਰਜ ਲਈ ਆਪਣੇ ਉਤਸ਼ਾਹ ਨੂੰ ਦਰਸਾਉਂਦਿਆਂ ਨੈਸ਼ਨਲ ਸਿੱਖ ਕੈਂਪੇਨ ਵਲੋਂ ਇਸ ਡਾਕੂਮੈਂਟਰੀ ਦਾ ਸਮਰਥਨ ਕੀਤਾ। ਇਸ ਫਿਲਮ ਦੇ ਪ੍ਰੀਮੀਅਰ ਸ਼ੋਅ ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਆਯੋਜਿਤ ਕਰਨ ਬਾਰੇ ਵੀ ਵਿਉਂਤ ਬਣ ਰਹੀ ਹੈ।ਬੱਚਿਆਂ ਨੇ ਗੱਤਕਾ ਸ਼ੋਅ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਿੱਖੀ ਲਈ ਆਪਣੇ ਪਿਆਰ ਅਤੇ ਜਨੂੰਨ ਦਾ ਪ੍ਰਗਟਾ ਕੀਤਾ। ਦੂਜੀ ਪੀੜ੍ਹੀ ਅਮਰੀਕੀ ਜਵਾਨ ਸਿੱਖ ਨੌਜਵਾਨਾਂ ਨੇ ਵੀ ਇਸ ਪ੍ਰੋਜੈਕਟ ਲਈ ਆਪਣੇ ਉਤਸ਼ਾਹ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ। ਤਰਲੋਕ ਚੁੱਗ, ਜੋ ਕਿ ਪੰਜਾਬੀ ਚੁਟਕਲਿਆਂ ਕਰਕੇ ਮਸ਼ਹੂਰ ਹਨ, ਖਾਸ ਤੌਰ 'ਤੇ ਕੈਲਗਰੀ, ਕੈਨੇਡਾ ਤੋਂ ਆਏ ਸਨ ਅਤੇ ਉਹਨਾਂ ਨੇ ਸਾਰਿਆਂ ਨੂੰ ਖੁਸ਼ ਕੀਤਾ। 

ਡਾ. ਰਾਜਵੰਤ ਸਿੰਘ ਵਾਸ਼ਿੰਗਟਨ ਨੇ ਦਸਤਾਵੇਜ਼ੀ ਫ਼ਿਲਮ ਦੀ ਯੋਜਨਾ 'ਤੇ ਇਕ ਵਿਸਥਾਰਤ ਪੇਸ਼ਕਾਰੀ ਦਿੱਤੀ। ਉਹਨਾਂ ਨੇ ਕਿਹਾ,“ਇਸ ਫਿਲਮ ਦਾ ਉਦੇਸ਼ ਪੂਰੇ ਦੇਸ਼ ਵਿਚ ਅਮਰੀਕੀਆਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਾਉਣਾ ਹੈ।'' ਇਸ ਤੋਂ ਇਲਾਵਾ ਐਨ.ਐਸ.ਸੀ. ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਦੇ ਦੌਰਾਨ ਸੋਸ਼ਲ ਮੀਡੀਆ ਵਿਚ ਪੂਰੀ ਤਰ੍ਹਾਂ ਪ੍ਰਚਾਰ ਮੁਹਿੰਮ ਬਾਰੇ ਵੀ ਪਲਾਨ ਬਣਾਏ ਜਾ ਰਹੇ  ਹਨ।”ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਮਾਸਟਰ ਮਹਿੰਦਰ ਸਿੰਘ ਨੇ ਕਿਹਾ,“ਹਰੇਕ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਹੁਤ ਡੂੰਘਾ ਪ੍ਰੇਰਿਤ ਹੈ ਅਤੇ ਸਾਨੂੰ ਇਸ ਮਹੱਤਵਪੂਰਨ ਸਾਲ ਦੌਰਾਨ ਇਸ ਮਹਾਨ  ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਅਮਰੀਕੀ ਮਿੱਤਰਾਂ ਨੂੰ ਸ੍ਰੀ ਗੁਰੂ ਨਾਨਕ ਜੀ ਬਾਰੇ ਦੱਸ ਸਕੀਏ।''

ਸਿੱਖ ਨੇਤਾ ਰਘਬੀਰ ਸਿੰਘ ਸੁਭਾਨਪੁਰ ਨੇ ਕਿਹਾ,“ਅਸੀਂ ਖੁਸ਼ ਹਾਂ ਕਿ ਭਾਰਤ ਅਤੇ ਪਾਕਿਸਤਾਨ ਇਸ ਮਹੱਤਵਪੂਰਨ ਵਰ੍ਹੇਗੰਢ ਦੇ ਦੌਰਾਨ ਦੋ ਦੇਸ਼ਾਂ ਵਿਚਾਲੇ ਇਕ ਕੋਰੀਡੋਰ ਬਣਾ ਰਹੇ ਹਨ। ਇਸੇ ਤਰ੍ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਸਮੇਂ ਦੌਰਾਨ ਸਿੱਖ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਵਿਚਕਾਰ ਸਮਝ ਦੇ ਵੀ ਪੁਲ ਬਣਾਈਏ। ਇਹ ਦਸਤਾਵੇਜ਼ੀ ਫਿਲਮ ਸਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦ ਕਰੇਗੀ।” 

PunjabKesari

ਗੁਰਦੁਆਰਾ ਸਾਹਿਬ ਦੇ ਉਪ ਪ੍ਰਧਾਨ ਜੁਗਵਿੰਦਰ ਸਿੰਘ ਨੇ ਕਿਹਾ,“ਅਮਰੀਕਾ ਵਿਚ ਸਿੱਖਾਂ ਦੀ ਅਗਲੀ ਪੀੜ੍ਹੀ ਲਈ ਇਹ ਪ੍ਰਾਜੈਕਟ ਬਹੁਤ ਮਦਦਗਾਰ ਹੋਵੇਗਾ ਜੋ ਕਿ ਸਿੱਖ ਧਰਮ ਬਾਰੇ ਅਗਿਆਨਤਾ ਕਾਰਨ ਸਕੂਲਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।''ਇਕ ਨੌਜਵਾਨ ਕਾਰਕੁੰਨ ਮਨਮੀਤ ਕੌਰ ਨੇ ਕਿਹਾ,“ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਬਾਰੇ ਕੋਈ ਨਹੀਂ ਜਾਣਦਾ। ਇਸ ਸਾਲ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਕੌਣ ਹਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕੀ ਹੈ।'' ਗਿਆਨੀ ਜਸਪਾਲ ਸਿੰਘ, ਮੱਖਣ ਸ਼ਾਹ ਲੋਬਾਆ ਦੇ ਗੁਰਦੁਆਰੇ ਦੀ ਗ੍ਰੰਥੀ ਨੇ ਕਿਹਾ, “ਸਾਨੂੰ ਸਾਰੇ ਸਿੱਖ ਜਗਤ ਨੂੰ ਇਕੱਠਿਆਂ ਹੋ ਕੇ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਵੱਧ ਤੋਂ ਵੱਧ ਅਜੋਕੇ ਢੰਗ ਤਰੀਕਿਆਂ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ।''” 

ਕਮਿਊਨਿਟੀ ਦੇ ਯੁਵਾ ਨੇਤਾ ਸਿਮਰਜੀਤ ਸਿੰਘ ਨੇ ਕਿਹਾ,“ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇਕ ਡਾਕੂਮੈਂਟਰੀ ਬਣਾਉਣਾ ਸਿੱਖ ਧਰਮ ਦਾ ਟੀਚਾ ਹੈ ਅਤੇ ਇਸ ਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਹਰ ਗੁਰਦੁਆਰੇ ਨੂੰ  ਇਸ ਕਾਰਜ ਵਿਚ ਹਿੱਸਾ ਪਾਉਣਾ ਚਾਹੀਦਾ ਹੈ।” ਗੁਰਦੁਆਰੇ ਦੇ ਸਕੱਤਰ ਹਿੰਮਤ ਸਿੰਘ ਮਹਿਮਦਪੁਰ ਨੇ ਇਸ ਸਮੂਹ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ। ਇਸ ਮੌਕੇ ਗੁਰਮੇਜ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ ਗਿਲਜੀਆਂ, ਸਤਨਾਮ ਸਿੰਘ, ਬੇਗੋਵਾਲ ਸੇਵਾ ਸੁਸਾਇਟੀ ਦੇ ਪਰਮਜੀਤ ਸਿੰਘ ਬੇਗੋਵਾਲ ਨੇ ਆਪਣੇ ਵਿਚਾਰ ਰੱਖੇ। ਦਲੇਰ ਸਿੰਘ ਨੇ ਗੱਤਕਾ ਸ਼ੋਅ ਦਾ ਆਯੋਜਨ ਕੀਤਾ। 20 ਤੋਂ ਵੱਧ ਨੌਜਵਾਨਾਂ ਨੇ ਆਪਣੇ ਗੱਤਕਾ ਦੇ ਹੁਨਰ, ਸਿੱਖ ਮਾਰਸ਼ਲ ਆਰਟ ਪ੍ਰਦਰਸ਼ਿਤ ਕੀਤੇ।


author

Vandana

Content Editor

Related News