ਅਮਰੀਕਾ: ਬੱਚੇ ਦੀ ਮੌਤ ਦੇ ਮਾਮਲੇ ''ਚ ਮਾਂ ਅਤੇ ਉਸ ਦਾ ਪ੍ਰੇਮੀ ਗ੍ਰਿਫ਼ਤਾਰ

Wednesday, Oct 27, 2021 - 01:39 PM (IST)

ਹਿਊਸਟਨ (ਏਪੀ)- ਅਮਰੀਕਾ ਦੇ ਹਿਊਸਟਨ ਵਿੱਚ ਇੱਕ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਮਾਂ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੱਚੇ ਦੀ ਲਾਸ਼ ਹਿਊਸਟਨ ਇਲਾਕੇ ਦੇ ਇੱਕ ਅਪਾਰਟਮੈਂਟ ਵਿੱਚ ਮਿਲੀ ਸੀ। ਬੱਚੇ ਦੀ ਮੌਤ ਦੀ ਜਾਣਕਾਰੀ ਉਸਦੇ ਵੱਡੇ ਭਰਾ ਨੇ ਫ਼ੋਨ ਕਰਕੇ ਦਿੱਤੀ ਸੀ। ਅਪਾਰਟਮੈਂਟ 'ਚ ਮ੍ਰਿਤਕ ਤੋਂ ਇਲਾਵਾ ਉਸ ਦੇ ਤਿੰਨ ਭੈਣ-ਭਰਾ ਵੀ ਮੌਜੂਦ ਸਨ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਮੰਗਲਵਾਰ ਰਾਤ ਨੂੰ ਟਵੀਟ ਕੀਤਾ ਕਿ ਬੱਚੇ ਦੀ ਮਾਂ ਦੇ ਬੁਆਏਫ੍ਰੈਂਡ ਬ੍ਰਾਇਨ ਡਬਲਯੂ ਕੌਲਟਰ (32) ਖ਼ਿਲਾਫ਼ ਮੰਗਲਵਾਰ ਨੂੰ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਬੱਚੇ ਦੀ ਮਾਂ ਗਲੋਰੀਆ ਵਾਈ ਵਿਲੀਅਮਜ਼ (36) 'ਤੇ ਲਾਪਰਵਾਹੀ ਕਾਰਨ ਬੱਚੇ ਨੂੰ ਸੱਟ ਪਹੁੰਚਾਉਣ, ਉਸ ਦਾ ਡਾਕਟਰੀ ਇਲਾਜ ਨਾ ਕਰਵਾਉਣ ਅਤੇ ਉਸ ਦੀ ਦੇਖਭਾਲ ਨਾ ਕਰਨ ਦੇ ਦੋਸ਼ ਲਾਏ ਗਏ ਹਨ। 

ਗੋਂਜਾਲੇਜ਼ ਨੇ ਕਿਹਾ ਕਿ ਦੋਵੇਂ ਹੈਰਿਸ ਕਾਉਂਟੀ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਹਨਾਂ 'ਤੇ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਹਿਊਸਟਨ ਦੇ ਹੈਰਿਸ ਕਾਉਂਟੀ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸਿਜ਼ ਵਿੱਚ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ ਵਿੱਚ ਪਹਿਲੀ ਨਜ਼ਰ ਵਿਚ ਮੌਤ ਦੇ ਕਾਰਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਮੁਤਾਬਕ ਕਿਸੇ ਗੈਰ-ਤਿੱਖੀ ਚੀਜ਼ ਨਾਲ ਕਈ ਹਮਲਾ ਮਾਰਨ ਕਾਰਨ ਹੋਇਆ ਕਤਲ ਦੱਸਿਆ ਗਿਆ ਹੈ। ਸੰਸਥਾ ਦੀ ਬੁਲਾਰਨ ਮਿਸ਼ੇਲ ਅਰਨੋਲਡ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਇਸ ਸਮੇਂ ਵਾਧੂ ਜਾਣਕਾਰੀ ਪ੍ਰਦਾਨ ਨਹੀਂ ਕਰ ਸਕਦੀ। ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਡਿਪਟੀ ਥਾਮਸ ਗਿਲੀਲੈਂਡ ਨੇ ਵੀ ਕਿਹਾ ਕਿ ਉਹ ਮਾਮਲੇ ਬਾਰੇ ਹੋਰ ਵੇਰਵੇ ਨਹੀਂ ਦੇ ਸਕਦੇ ਕਿਉਂਕਿ ਜਾਂਚ ਜਾਰੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਰਬ-ਅਮੈਰੀਕਨ ਮੁਸਲਿਮ ਵਿਦਿਆਰਥੀ ਨੂੰ ਅੱਤਵਾਦੀ ਕਹਿਣ 'ਤੇ ਅਧਿਆਪਕ ਮੁਅੱਤਲ 

ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਮੁਤਾਬਕ, ਅਪਾਰਟਮੈਂਟ ਵਿੱਚ ਤਿੰਨ ਬੱਚਿਆਂ ਵਿੱਚੋਂ ਇੱਕ 15 ਸਾਲ ਦੇ ਬੱਚੇ ਨੇ ਐਤਵਾਰ ਨੂੰ ਸ਼ੈਰਿਫ ਵਿਭਾਗ ਨੂੰ ਇਹ ਸੂਚਿਤ ਕਰਨ ਲਈ ਫੋਨ ਕੀਤਾ ਕਿ ਉਸ ਦੇ ਨੌਂ ਸਾਲ ਦੇ ਭਰਾ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਅਪਾਰਟਮੈਂਟ ਵਿੱਚ ਹੀ ਹੈ। ਗੋਂਜ਼ਾਲੇਜ਼ ਨੇ ਕਿਹਾ ਕਿ ਉੱਥੇ ਪਹੁੰਚਣ 'ਤੇ ਅਧਿਕਾਰੀਆਂ ਨੂੰ ਬੱਚਾ ਅਤੇ ਉਸ ਦੇ 10 ਸਾਲ ਅਤੇ ਸੱਤ ਸਾਲ ਦੇ,ਦੋ ਭੈਣ-ਭਰਾ  ਮਿਲੇ। 15 ਸਾਲਾ ਬੱਚੇ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਕਈ ਮਹੀਨਿਆਂ ਤੋਂ ਅਪਾਰਟਮੈਂਟ ਵਿੱਚ ਨਹੀਂ ਰਹੇ ਸਨ। ਗਿਲੀਲੈਂਡ ਨੇ ਕਿਹਾ ਕਿ ਅਪਾਰਟਮੈਂਟ ਵਿੱਚ ਬਿਜਲੀ ਨਹੀਂ ਸੀ ਅਤੇ ਇੱਕ ਗੁਆਂਢੀ ਬੱਚਿਆਂ ਨੂੰ ਉਨ੍ਹਾਂ ਦੇ ਫ਼ੋਨ ਚਾਰਜ ਕਰਨ ਅਤੇ ਉਨ੍ਹਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਲਿਆਉਣ ਵਿੱਚ ਮਦਦ ਕਰ ਰਿਹਾ ਸੀ। 

ਸ਼ੈਰਿਫ ਦਫਤਰ ਮੁਤਾਬਕ, ਛੋਟੇ ਬੱਚੇ ਕੁਪੋਸ਼ਿਤ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਫਿਲਹਾਲ ਉਹ ਹਸਪਤਾਲ 'ਚ ਜ਼ੇਰੇ ਇਲਾਜ ਹਨ। ਅਲੀਫ ਸਕੂਲ ਡਿਸਟ੍ਰਿਕਟ ਦੇ ਬੁਲਾਰੇ ਕ੍ਰੇਗ ਈਚਹੋਰਨ ਨੇ ਕਿਹਾ ਕਿ ਬੱਚੇ ਆਖਰੀ ਵਾਰ ਮਈ 2020 ਵਿੱਚ ਸਕੂਲ ਗਏ ਸਨ। ਉਹ 2020-2021 ਸੈਸ਼ਨ ਵਿੱਚ ਸਕੂਲ ਨਹੀਂ ਆਏ ਅਤੇ ਸਤੰਬਰ 2020 ਵਿੱਚ ਸਕੂਲ ਦੇ ਅਧਿਕਾਰੀ ਉਹਨਾਂ ਦੇ ਘਰ ਵੀ ਗਏ ਸਨ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇੱਕ ਜੱਜ ਨੇ ਸੋਮਵਾਰ ਨੂੰ ਟੈਕਸਾਸ ਵਿਭਾਗ ਦੇ ਪਰਿਵਾਰ ਅਤੇ ਸੁਰੱਖਿਆ ਸੇਵਾਵਾਂ ਨੂੰ ਤਿੰਨ ਬੱਚਿਆਂ ਨੂੰ ਅਸਥਾਈ ਤੌਰ 'ਤੇ ਪਨਾਹ ਦੇਣ ਦਾ ਆਦੇਸ਼ ਦਿੱਤਾ। ਗਿਲੀਲੈਂਡ ਨੇ ਕਿਹਾ ਕਿ ਜਾਂਚਕਰਤਾ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਪਾਰਟਮੈਂਟ ਕੰਪਲੈਕਸ ਵਿੱਚ ਕਿਸੇ ਨੇ ਵੀ ਕੋਈ ਅਸਾਧਾਰਨ ਚੀਜ਼ ਕਿਉਂ ਨਹੀਂ ਵੇਖੀ। ਹਾਈਮਾਰਕ ਰੈਜ਼ੀਡੈਂਸ਼ੀਅਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਅਪਾਰਟਮੈਂਟ ਕੰਪਲੈਕਸ ਦਾ ਪ੍ਰਬੰਧਨ ਕਰਦਾ ਹੈ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ।


Vandana

Content Editor

Related News