ਖਸ਼ੋਗੀ ਕਤਲਕਾਂਡ ਦੇ 100 ਦਿਨ ਪੂਰੇ ਹੋਣ ''ਤੇ ਸੋਗ ਪ੍ਰੋਗਰਾਮ ਦਾ ਆਯੋਜਨ
Friday, Jan 11, 2019 - 12:43 PM (IST)
ਵਾਸ਼ਿੰਗਟਨ (ਭਾਸ਼ਾ)— ਵੀਰਵਾਰ ਨੂੰ ਖਸ਼ੋਗੀ ਕਤਲਕਾਂਡ ਦੇ 100 ਦਿਨ ਪੂਰੇ ਹੋ ਗਏ। ਇਸ ਮੌਕੇ ਅਮਰੀਕਾ ਦੀਆਂ ਦੋਵੇਂ ਪਾਰਟੀਆਂ-ਰੀਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ, ਮਰਹੂਮ ਪੱਤਰਕਾਰ ਜਮਾਲ ਖਸ਼ੋਗੀ ਦੇ ਦੋਸਤਾਂ ਅਤੇ ਪ੍ਰੈੱਸ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਸਮੂਹਾਂ ਨੇ ਸੋਗ ਪ੍ਰੋਗਰਾਮ ਦਾ ਆਯੋਜਨ ਕੀਤਾ। ਅਮਰੀਕੀ ਝੰਡਿਆਂ ਦੇ ਅੱਗੇ ਖਸ਼ੋਗੀ ਦੀ ਤਸਵੀਰ ਰੱਖ ਕੇ ਕੁਝ ਦੌਰ ਮੌਨ ਰੱਖਣ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਦਨ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਵਾਸ਼ਿੰਗਟਨ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਕਿਹਾ,'' ਖਸ਼ੋਗੀ ਦੀ ਹੱਤਿਆ ਮਨੁੱਖਤਾ 'ਤੇ ਅੱਤਿਆਚਾਰ ਅਤੇ ਉਸ ਦਾ ਅਪਮਾਨ ਹੈ।''
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਰਹਿੰਦੇ ਹੋਏ ਵਾਸ਼ਿੰਗਟਨ ਪੋਸਟ ਲਈ ਕੰਮ ਕਰਨ ਵਾਲੇ ਖਸ਼ੋਗੀ ਦੀ ਅਕਤੂਬਰ ਵਿਚ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਵਣਜ ਦੂਤਘਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਖਸ਼ੋਗੀ ਹੀ ਹੱਤਿਆ 'ਤੇ ਸਾਊਦੀ ਅਰਬ ਨੂੰ ਲੈ ਕੇ ਟਰੰਪ ਦੇ ਰੱਵਈਏ 'ਤੇ ਪੂਰੇ ਸਿਆਸੀ ਖੇਮੇ ਵਿਚ ਗੁੱਸਾ ਦੇਖਣ ਨੂੰ ਮਿਲਿਆ ਸੀ। ਪੇਲੋਸੀ ਨੇ ਕਿਹਾ,''ਜੇ ਅਸੀਂ ਇਹ ਤੈਅ ਕਰਦੇ ਹਾਂ ਕਿ ਕਾਰੋਬਾਰੀ ਹਿੱਤ ਸਾਡੇ ਬਿਆਨਾਂ ਅਤੇ ਕਦਮਾਂ ਵਿਰੁੱਧ ਚੱਲੇ ਜਾਂਦੇ ਹਨ ਤਾਂ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ, ਕਿਸੇ ਵੀ ਸਮੇਂ ਹੋ ਰਹੇ ਅੱਤਿਆਚਾਰ ਦੇ ਬਾਰੇ ਵਿਚ ਗੱਲ ਕਰਨ ਦੀ ਸਾਰੀ ਨੈਤਿਕ ਜ਼ਿੰਮੇਵਾਰੀ ਗਵਾ ਦਿੱਤੀ ਹੈ।''
ਸਮਾਚਾਰ ਪੱਤਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਫਰੈੱਡ ਰਿਆਨ ਨੇ ਕਿਹਾ ਕਿ ਖਸ਼ੋਗੀ ਦੀ ਮੌਤ ਨੇ ਵਾਸ਼ਿੰਗਟਨ ਪੋਸਟ ਦੇ ਸਾਥੀਆਂ ਨੂੰ ਬਹੁਤ ਡੂੰਘਾਈ ਤੱਕ ਛੂਹਿਆ ਹੈ। ਉਨ੍ਹਾਂ ਨੇ ਕਿਹਾ,''ਜਮਾਲ ਦੀ ਹੱਤਿਆ ਪ੍ਰੈੱਸ ਦੀ ਆਜ਼ਾਦੀ ਵਿਰੁੱਧ ਵੱਧ ਰਹੇ ਹਮਲਿਆਂ ਦਾ ਹਿੱਸਾ ਹੈ ਜਿਨ੍ਹਾਂ ਨੂੰ ਦੁਨੀਆ ਭਰ ਦੇ ਜ਼ੁਲਮੀ ਅੰਜ਼ਾਮ ਦੇ ਰਹੇ ਹਨ।''