ਲੋਹੜੀ ਵਾਲੇ ਦਿਨ ਸਰਹੱਦ ''ਤੇ ਪਹੁੰਚੇ ਮੰਤਰੀ ਕਟਾਰੂਚੱਕ, ਫ਼ੌਜੀ ਜਵਾਨਾਂ ਨਾਲ ਮਨਾਇਆ ਖੁਸ਼ੀਆਂ ਦਾ ਤਿਉਹਾਰ

Monday, Jan 13, 2025 - 09:29 PM (IST)

ਲੋਹੜੀ ਵਾਲੇ ਦਿਨ ਸਰਹੱਦ ''ਤੇ ਪਹੁੰਚੇ ਮੰਤਰੀ ਕਟਾਰੂਚੱਕ, ਫ਼ੌਜੀ ਜਵਾਨਾਂ ਨਾਲ ਮਨਾਇਆ ਖੁਸ਼ੀਆਂ ਦਾ ਤਿਉਹਾਰ

ਬਮਿਆਲ (ਗੋਰਾਇਆ)- 'ਸਾਡੇ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਆਪਸੀ ਪਿਆਰ, ਸਾਂਝੀਵਾਲਤਾ ਅਤੇ ਮਿਲ-ਜੁਲ ਕੇ ਰਹਿਣ ਦਾ ਸੁਨੇਹਾ ਦਿੰਦੇ ਹਨ। ਇਸੇ ਤਰ੍ਹਾਂ ਅੱਜ ਲੋਹੜੀ ਦਾ ਤਿਉਹਾਰ ਪੰਜਾਬ ਦੇ ਹਰ ਘਰ ਵਿੱਚ ਮਨਾਇਆ ਜਾ ਰਿਹਾ ਹੈ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਬਮਿਆਲ ਬਲਾਕ ਅੰਦਰ ਹਿੰਦ-ਪਾਕਿ ਸਰਹੱਦ 'ਤੇ ਸਥਿਤ ਸੀਮਾ ਸੁਰੱਖਿਆ ਬਲ ਦੀ ਸਿੰਬਲ ਸਕੋਲ ਪੋਸਟ ਵਿਖੇ ਪਹੁੰਚ ਕੇ ਕੀਤਾ। ਉਹ ਅੱਜ ਇੱਥੇ ਸਰਹੱਦ ਦੀ ਰਾਖੀ ਕਰ ਰਹੇ ਜਵਾਨਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਲਈ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਤੋਂ ਇਲਾਵਾ ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋ ਐੱਸ.ਐੱਸ.ਪੀ. ਪਠਾਨਕੋਟ, ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਪਠਾਨਕੋਟ ਅਤੇ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ;  ਅੱਧੀ ਰਾਤੀਂ ਘਰ 'ਚ ਵੜੇ ਲੁਟੇਰਿਆਂ ਨੇ ਲੱਤਾਂ ਬੰਨ੍ਹ ਔਰਤ ਦਾ ਕਰ'ਤਾ ਕਤਲ

ਕੈਬਨਿਟ ਮੰਤਰੀ ਕਟਾਰੂਚੱਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹਿੰਦ-ਪਾਕਿ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੀ ਸਿੰਬਲ ਸਕੋਲ ਪੋਸਟ 'ਤੇ ਪਹੁੰਚੇ। ਸਭ ਤੋਂ ਪਹਿਲਾ ਉਨ੍ਹਾਂ ਸ਼ਹੀਦ ਕਮਲਜੀਤ ਸਿੰਘ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਂਟ ਕਰ ਕੇ ਸਲਾਮੀ ਦਿੱਤੀ। ਇਸ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਲੋਹੜੀ ਦੇ ਪਾਵਨ ਮੌਕੇ ਉਨ੍ਹਾਂ ਨੂੰ ਫਲ, ਤਿਲ, ਗੁੜ, ਰੇੜੀਆਂ ਤੇ ਮੂੰਗਫਲੀ ਆਦਿ ਭੇਂਟ ਕਰ ਕੇ ਉਨ੍ਹਾਂ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਉਹ ਹਰ ਸਾਲ ਹੀ ਮਨਾਉਂਦੇ ਹਨ, ਪਰ ਇਸ ਵਾਰ ਇਹ ਦਿਨ ਉਨ੍ਹਾਂ ਲਈ ਬਹੁਤ ਹੀ ਖਾਸ ਹੈ, ਕਿਉਕਿ ਇਸ ਵਾਰ ਉਨ੍ਹਾਂ ਨੂੰ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਮਲਜੀਤ ਸਿੰਘ ਵਰਗੇ ਅਨੇਕਾਂ ਹੀ ਫ਼ੌਜ ਜਵਾਨਾਂ ਦੀ ਬਹਾਦਰੀ ਸਦਕਾ ਹੀ 1971 ਦੀ ਜੰਗ 'ਚ ਅਸੀਂ ਇਸ ਪੋਸਟ 'ਤੇ ਜਿੱਤ ਪ੍ਰਾਪਤ ਕੀਤੀ ਸੀ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਵਾਲੇ ਦਿਨ ਗੁਰੂ ਨਗਰੀ 'ਚ ਚੱਲ ਗਈਆਂ ਤਲਵਾਰਾਂ ; ਸ਼ਰੇਆਮ ਵੱਢ'ਤਾ ਨੌਜਵਾਨ

 

ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ਅਤੇ ਸਾਡੇ ਪਰਿਵਾਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਜਵਾਨਾਂ ਨੂੰ ਲੋਹੜੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਕਾਮਨਾ ਕਰਦੇ ਹਨ ਕਿ ਹਰੇਕ ਸਾਲ ਅਸੀਂ ਮਿਲ-ਜੁਲ ਕੇ ਖੁਸ਼ੀਆਂ ਨੂੰ ਸਾਂਝਿਆ ਕਰਦੇ ਰਹਾਂਗੇ।

ਇਸ ਮੌਕੇ ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਦਲਜਿੰਦਰ ਸਿੰਘ ਢਿੱਲੋਂ ਐੱਸ.ਐੱਸ.ਪੀ. ਪਠਾਨਕੋਟ ਨੇ ਵੀ ਜ਼ਿਲ੍ਹਾ ਨਿਵਾਸੀਆਂ ਤੇ ਜਵਾਨਾਂ ਨੂੰ ਲੋਹੜੀ ਦੇ ਤਿਉਹਾਰ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮਗਰੋਂ ਕੈਬਨਿਟ ਮੰਤਰੀ ਉੱਜ ਦਰਿਆ ਤੇ ਪੰਜਾਬ ਪੁਲਸ ਦੀ ਪੋਸਟ 'ਤੇ ਵੀ ਪਹੁੰਚੇ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News