ਸੰਬੰਧਾਂ ''ਚ ਸੁਧਾਰ ਦੇ ਉਦੇਸ਼ ਨਾਲ ਹੋਵੇਗੀ ਇਮਰਾਨ-ਟਰੰਪ ਦੀ ਮੁਲਾਕਾਤ
Monday, Jul 22, 2019 - 12:45 PM (IST)

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਨਾਲ ਸੰਬੰਧਾਂ ਵਿਚ ਸੁਧਾਰ ਦੇ ਉਦੇਸ਼ ਨਾਲ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਅਤੇ ਅਮਰੀਕਾ ਦੇ ਸੰਬੰਧ ਉਦੋਂ ਤੋਂ ਪ੍ਰਭਾਵਿਤ ਹੋਏ ਹਨ, ਜਦੋਂ ਟਰੰਪ ਨੇ ਜਨਤਕ ਤੌਰ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਮਿਲਟਰੀ ਮਦਦ ਰੋਕ ਦਿੱਤੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਲੜਨ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨ ਲਈ ਕਿਹਾ।
ਡੋਨਾਲਡ ਟਰੰਪ ਨਾਲ ਇਮਰਾਨ ਦੀ ਮੁਲਾਕਾਤ ਵ੍ਹਾਈਟ ਹਾਊਸ ਵਿਚ ਹੋਵੇਗੀ। ਇਹ ਸਮਝਿਆ ਜਾਂਦਾ ਹੈ ਕਿ ਇਸ ਮੁਲਾਕਾਤ ਦੌਰਾਨ ਅਮਰੀਕੀ ਲੀਡਰਸ਼ਿਪ ਉਨ੍ਹਾਂ 'ਤੇ ਪਾਕਿਸਤਾਨ ਦੀ ਧਰਤੀ 'ਤੇ ਸਰਗਰਮ ਕੱਟੜਪੰਥੀ ਅਤੇ ਅੱਤਵਾਦੀ ਸਮੂਹਾਂ ਵਿਰੁੱਧ ਫੈਸਲਾਕੁੰਨ ਅਤੇ ਸਖਤ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵਿਚ ਸਹਾਇਕ ਭੂਮਿਕਾ ਨਿਭਾਉਣ ਲਈ ਦਬਾਅ ਬਣਾਵੇਗੀ। ਇਮਰਾਨ ਖਾਨ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਦੀ ਅਧਿਕਾਰਕ ਰਿਹਾਇਸ਼ ਵਿਚ ਠਹਿਰੇ ਹੋਏ ਹਨ।