ਪਹਾੜੀ ''ਤੇ ਹਾਦਸਾਗ੍ਰਸਤ ਹੋਇਆ ਗਲਾਈਡਰ, 3 ਮਰੇ
Thursday, Aug 30, 2018 - 01:11 PM (IST)

ਵਾਸ਼ਿੰਗਟਨ (ਭਾਸ਼ਾ)— ਵਰਮੋਂਟ ਦੀਆਂ ਪਹਾੜੀਆਂ ਵਿਚ ਬੁੱਧਵਾਰ ਨੂੰ ਇਕ ਗਲਾਈਡਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਗਲਾਈਡਰ ਵਿਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਸੂਬਾ ਪੁਲਸ ਨੇ ਦੱਸਿਆ ਕਿ ਕੱਲ ਖੋਜ ਅਤੇ ਬਚਾਅ ਦਲ ਸਟਿਰਲਿੰਗ ਮਾਊਂਟੇਨ ਦੇ ਨੇੜੇ ਪਹੁੰਚਿਆ, ਜਿੱਥੇ ਗਲਾਈਡਰ ਦੇ ਪਾਇਲਟ ਅਤੇ ਦੋ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਦੱਸਿਆ ਕਿ ਇਕ ਟੋਅ ਜਹਾਜ਼, ਜਿਸ ਨਾਲ ਗਲਾਈਡਰ ਜੁੜਿਆ ਹੋਇਆ ਸੀ ਉਸ ਨੇ ਦਿਨ ਵਿਚ ਕਰੀਬ 11:30 ਵਜੇ ਮੋਰਿਸਵਿਲੇ-ਸਟੋਵੇ ਰਾਜ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਗਲਾਈਡਰ ਉਸ ਤੋਂ ਵੱਖ ਹੋ ਗਿਆ। ਮੋਰਿਸਵਿਲੇ ਪੁਲਸ ਨੂੰ ਦੁਪਹਿਰ ਕਰੀਬ 2 ਵਜੇ ਗਲਾਈਡਰ ਦੇ ਲਾਪਤਾ ਹੋਣ ਦੀ ਖਬਰ ਮਿਲੀ। ਗਲਾਈਡਰ ਸਟੋਵ ਸੋਯਰਿੰਗ ਦਾ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ।