ਭਾਰਤੀ ਮੂਲ ਦੇ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦੀ ਮਹਿਲਾ ਮੁਖੀ ਨੂੰ ਜੇਲ
Tuesday, Oct 29, 2019 - 05:11 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਘਰਾਂ ਵਿਚ ਲੁੱਟ-ਖੋਹ ਕਰਨ ਵਾਲੇ ਗੈਂਗ ਦੀ ਮਹਿਲਾ ਮੁਖੀ ਨੂੰ ਅਦਾਲਤ ਨੇ 37 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਮਿਸ਼ੀਗਨ ਦੀ ਜ਼ਿਲਾ ਅਦਾਲਤ ਨੇ 5 ਹਫਤੇ ਤੱਕ ਚੱਲੀ ਸੁਣਵਾਈ ਦੇ ਬਾਅਦ ਬੀਤੇ ਸੋਮਵਾਰ ਨੂੰ 44 ਸਾਲਾ ਚਾਕਾ ਕਾਸਤਰੋ (Chaka Castro) ਨੂੰ ਸਜ਼ਾ ਸੁਣਾਈ। ਚਾਕਾ ਅਤੇ ਉਸ ਦੇ ਗੈਂਗ ਨੇ 2011 ਤੋਂ 2014 ਦੇ ਵਿਚ ਜੌਰਜੀਆ, ਨਿਊਯਾਰਕ, ਓਹੀਓ, ਮਿਸ਼ੀਗਨ ਅਤੇ ਟੈਕਸਾਸ ਵਿਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਇਸ ਗੈਂਗ ਦੇ ਨਿਸ਼ਾਨੇ 'ਤੇ ਅਕਸਰ ਭਾਰਤੀ ਮੂਲ ਦੇ ਲੋਕ ਹੁੰਦੇ ਸਨ। ਟੈਕਸਾਸ ਦੀ ਰਹਿਣ ਵਾਲੀ ਚਾਕਾ ਲੁੱਟ ਤੋਂ ਪਹਿਲਾਂ ਸਬੰਧਤ ਇਲਾਕੇ ਅਤੇ ਘਰਾਂ ਦੀ ਰੇਕੀ ਕਰਦੀ ਸੀ। ਇਸ ਮਗਰੋਂ ਉਸ ਦਾ ਗੈਂਗ ਮੌਕਾ ਪਾਉਂਦੇ ਹੀ ਘਰਾਂ ਵਿਚ ਦਾਖਲ ਹੁੰਦੇ ਸਨ ਅਤੇ ਹਥਿਆਰਾਂ ਦੀ ਨੋਕ 'ਤੇ ਉੱਥੇ ਮੌਜੂਦ ਲੋਕਾਂ ਨੂੰ ਬੰਧਕ ਬਣਾ ਲੈਂਦੇ ਸਨ। ਲੁੱਟ-ਖੋਹ ਦੌਰਾਨ ਆਵਾਜ਼ ਬਾਹਰ ਨਾ ਜਾਵੇ ਇਸ ਲਈ ਉਹ ਘਰ ਦੇ ਮੈਂਬਰਾਂ ਦੇ ਮੂੰਹ 'ਤੇ ਟੇਪ ਚਿਪਕਾ ਦਿੰਦੇ ਸਨ।