US ''ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਆਯੋਜਿਤ ਕੀਤੀ ਗਈ ਭਾਈਚਾਰਕ ਪ੍ਰਾਰਥਨਾ ਸਭਾ, ਹਰ ਅੱਖ ਹੋਈ ਨਮ
Saturday, Oct 08, 2022 - 10:21 AM (IST)
ਸਾਨ ਫਰਾਂਸਿਸਕੋ (ਭਾਸ਼ਾ)- ਮਰਸਡ ਸ਼ਹਿਰ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ 6 ਅਕਤੂਬਰ ਤੋਂ 9 ਅਕਤੂਬਰ ਸ਼ਾਮ 7 ਵਜੇ ਤੱਕ ਮੋਮਬੱਤੀਆਂ ਬਾਲ ਕੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸੇ ਕੜੀ ਵਿੱਚ ਵੀਰਵਾਰ ਨੂੰ ਪਹਿਲੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਾਰਥਨਾ ਸਭਾ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਸੈਂਕੜੇ ਲੋਕ ਸ਼ਾਮਲ ਹੋ ਕੇ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਸਿੱਖ ਜੋੜੇ, ਉਨ੍ਹਾਂ ਦੇ 8 ਮਹੀਨੇ ਦੇ ਬੱਚੇ ਅਤੇ ਇਕ ਰਿਸ਼ਤੇਦਾਰ ਦਾ ਸੋਮਵਾਰ ਨੂੰ ਸਾਬਕਾ ਮੁਲਾਜ਼ਮ ਵੱਲੋਂ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨੇ ਵਾਰਨੇਕੇ ਨੇ ਦੱਸਿਆ ਕਿ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇੱਕ ਬਾਗ ਵਿੱਚੋਂ ਬੁੱਧਵਾਰ ਸ਼ਾਮ ਨੂੰ ਬਰਾਮਦ ਕੀਤੀਆਂ ਗਈਆਂ। ਇਹ ਸਾਰੇ ਮੂਲ ਰੂਪ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀਪਿੰਡ ਦੇ ਵਸਨੀਕ ਸਨ।
ਸੈਨ ਫਰਾਂਸਿਸਕੋ ਕ੍ਰੋਨਿਕਲ ਅਖ਼ਬਾਰ ਅਨੁਸਾਰ, ਵੀਰਵਾਰ ਨੂੰ ਸ਼ਹਿਰ ਦੇ ਮੱਧ ਵਿਚ ਬੋਰਟ ਹਾਰਟ ਚੌਕ 'ਤੇ ਆਯੋਜਿਤ ਪ੍ਰਾਰਥਨਾ ਸਭਾ ਵਿਚ ਨੌਜਵਾਨ, ਬਜ਼ੁਰਗ, ਲਾਤੀਨੀ, ਗੈਰ-ਗੋਰੇ, ਸਿੱਖ, ਗੋਰੇ, ਅਮੀਰ, ਗਰੀਬ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋਏ ਅਤੇ ਸਿੰਘ ਅਤੇ ਕੌਰ ਪਰਿਵਾਰਾਂ ਦੇ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ। ਇਸ ਦੌਰਾਨ ਪੰਜਾਬੀ, ਸਪੈਨਿਸ਼ ਅਤੇ ਅੰਗਰੇਜ਼ੀ ਵਿੱਚ ਪ੍ਰਾਰਥਨਾ ਕੀਤੀ ਗਈ। ਅਖ਼ਬਾਰ ਦੇ ਅਨੁਸਾਰ ਕ੍ਰਿਸ਼ਚੀਅਨ ਲਾਈਫ ਸੈਂਟਰ ਦੇ ਪਾਦਰੀ ਸੀਜ਼ਰ ਜੌਨਸਨ ਨੇ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ ਈਸ਼ਵਰ, ਮਾਸੂਮ ਜਾਨਾਂ ਲਈਆਂ ਗਈਆਂ ਹਨ ਅਤੇ ਸਾਨੂੰ ਸਮਝ ਨਹੀਂ ਆ ਰਹੀ ਹੈ। ਈਸ਼ਵਰ ਸਾਨੂੰ ਤਾਕਤ ਦਿਓ। ਉਹ ਜਨਤਕ ਤੌਰ 'ਤੇ ਰੋਂਦੇ ਦਿਖਾਈ ਦਿੱਤੇ। ਜਸਦੀਪ ਅਤੇ ਅਮਨਦੀਪ ਦੇ ਰਿਸ਼ਤੇਦਾਰ ਸੁਖਦੀਪ ਨੇ ਕਿਹਾ, “ਸਾਡੇ ਪਰਿਵਾਰ ਦੇ ਚਾਰ ਲੋਕਾਂ ਗਵਾਇਆ ਹੈ। ਅਸੀਂ ਸਾਰੇ ਟੁੱਟ ਗਏ ਹਾਂ।" ਅਖ਼ਬਾਰ ਮੁਤਾਬਕ ਮਰਸਡ ਦੇ ਮੇਅਰ ਮੈਥਿਊ ਸੇਰਾਟੋ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਇੱਕ ਭਾਈਚਾਰੇ ਦੇ ਰੂਪ ਵਿੱਚ ਇਕਜੁੱਟ ਹੋਈਏ ਅਤੇ ਦੁਖੀ ਲੋਕਾਂ ਦਾ ਸਮਰਥਨ ਕਰੀਏ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਅਤੇ ਸ਼ੱਕੀ ਨੂੰ ਲੈ ਕੇ ਹੋਇਆ ਨਵਾਂ ਖ਼ੁਲਾਸਾ