ਅਮਰੀਕਾ : ਐਲਕ ਗਰੋਵ ਪਾਰਕ ''ਚ ਲੱਗੀਆਂ ਤੀਆਂ ਦੀਆ ਰੌਣਕਾਂ, ਤਸਵੀਰਾਂ

08/16/2019 10:17:25 AM

ਸੈਕਰਾਮੈਂਟੋ (ਰਾਜ ਗੋਗਨਾ)— ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 11ਵੀਆਂ ਸਾਲਾਨਾ ਤੀਆਂ ਐਲਕ ਗਰੋਵ ਪਾਰਕ ਵਿਖੇ ਕਰਵਾਈਆਂ ਗਈਆਂ। ਲਗਭਗ 3 ਹਜ਼ਾਰ ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਛੋਟੀਆਂ ਬੱਚੀਆਂ ਤੋਂ ਲੈ ਕੇ 80 ਸਾਲ ਤੱਕ ਦੀਆਂ 150 ਦੇ ਕਰੀਬ ਔਰਤਾਂ ਨੇ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ। ਸਟੇਜ ਸਕੱਤਰ ਆਸ਼ਾ ਸ਼ਰਮਾ ਨੇ ਮੇਲੇ ਦੀ ਪਿਛਲੇ 11 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਪਰੰਤ ਸੱਦਾ ਦਿੱਤਾ ਗਿਆ ਇਸ ਮੇਲੇ ਦੇ ਆਯੋਜਕ ਨਿਰਮਲਜੀਤ ਰੰਧਾਵਾ (ਪਿੰਕੀ) ਅਤੇ ਪਰਨੀਤ ਗਿੱਲ ਨੂੰ। ਉਨ੍ਹਾਂ ਸਟੇਜ 'ਤੇ ਆਣ ਕੇ ਵਿਸ਼ਾਲ ਗਿਣਤੀ ਵਿਚ ਆਏ ਸਰੋਤਿਆਂ ਦਾ ਧੰਨਵਾਦ ਕੀਤਾ।

PunjabKesari

ਸਟੇਜ ਨੂੰ ਇਸ ਵਾਰ ਬੱਗਾ ਜਿਊਲਰਜ਼, ਸੈਕਰਾਮੈਂਟੋ ਵੱਲੋਂ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਟੇਜ ਦੇ ਨਾਲ ਹੀ ਇਕ ਵੱਖਰਾ ਸਟਾਲ ਲਾ ਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਇਆ, ਜਿਸ ਵਿਚ ਖੂਹ, ਮਲਕੀ-ਕੀਮਾ ਦੇ ਬੁੱਤ, ਚਰਖੇ, ਫੁਲਕਾਰੀਆਂ, ਬਾਜ, ਚਾਟੀਆਂ, ਮਧਾਣੀਆਂ, ਛੱਜ, ਢੋਲਕੀਆਂ ਆਦਿ ਵਿਰਾਸਤੀ ਵਸਤਾਂ ਸਟੇਜ ਨੂੰ ਹੋਰ ਵੀ ਚਾਰ-ਚੰਨ੍ਹ ਲਾ ਰਹੀਆਂ ਸਨ। ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਵਿਸ਼ੇਸ਼ ਤੌਰ 'ਤੇ ਪੀਂਘਾਂ ਵੀ ਚੜ੍ਹਾਈਆਂ ਜਾਂਦੀਆਂ ਹਨ, ਜਿੱਥੇ ਬੀਬੀਆਂ ਆਪਣੇ ਚਾਅ ਤੇ ਮਲਾਰ ਪੂਰੇ ਕਰਦੀਆਂ ਹਨ। 

PunjabKesari

ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਹਾਰ-ਸ਼ਿੰਗਾਰ ਦਾ ਸਾਮਾਨ, ਮਹਿੰਦੀ, ਜੁੱਤੀਆਂ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਟਾਲ ਪੰਜਾਬ ਦੇ ਕਿਸੇ ਬਾਜ਼ਾਰ ਦਾ ਭੁਲੇਖਾ ਪਾਉਂਦੇ ਸਨ। ਡਾ. ਪਰਮਜੀਤ ਤੱਖਰ ਤੇ ਗੁੱਡੀ ਤੱਖਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਗੁਰਦੀਪ ਕੌਰ ਸਮਰਾ ਤੇ ਬਲਬੀਰ ਸਮਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਭਰੀ।

PunjabKesari

ਸਭ ਤੋਂ ਪਹਿਲਾਂ ਬੀਬੀਆਂ ਨੇ ਸੁਹਾਗ, ਘੋੜੀਆਂ, ਸਿੱਠਣੀਆਂ, ਬੋਲੀਆਂ ਅਤੇ ਟੱਪੇ ਆਦਿ ਗਾ ਕੇ ਮੇਲੇ ਦਾ ਆਗਾਜ਼ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ ਦੁਪਹਿਰ 1 ਵਜੇ ਸ਼ੁਰੂ ਹੋਈਆਂ ਇਨ੍ਹਾਂ ਤੀਆਂ ਵਿਚ ਸ਼ਾਮ ਦੇ 7 ਵਜੇ ਤੱਕ 25 ਦੇ ਕਰੀਬ ਆਈਟਮਾਂ ਪੇਸ਼ ਕਰਵਾਈਆਂ। ਹਰ ਆਈਟਮ ਹੀ ਕਾਬਲੇ-ਤਾਰੀਫ ਸੀ। ਇਨ੍ਹਾਂ ਵਿਚ ਗਿੱਧੇ, ਬੋਲੀਆਂ, ਭੰਗੜੇ, ਗੀਤ-ਸੰਗੀਤ ਵੀ ਸ਼ਾਮਲ ਸੀ।

PunjabKesari

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਉਨ੍ਹਾਂ ਨੇ ਆਈਆਂ ਤਿੰਨ ਹਜ਼ਾਰ ਔਰਤਾਂ ਲਈ ਮੁਫਤ ਪਾਣੀ, ਸੋਢੇ ਅਤੇ ਸ਼ਰਬਤ ਦੀ ਸੇਵਾ ਕੀਤੀ। ਫਲਮਿੰਗੋ ਪੈਲੇਸ ਵੱਲੋਂ ਖਾਣ-ਪੀਣ ਦਾ ਸਟਾਲ ਲਾਇਆ ਗਿਆ। ਕੈਲੀਫੋਰਨੀਆ ਦੇ ਚੁਣੇ ਹੋਏ ਆਗੂ ਇਸ ਤੀਆਂ ਦੇ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਭਰਨ ਆਏ, ਜਿਨ੍ਹਾਂ ਵਿਚ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ ਮੇਅਰ ਸਟੀਵ ਲੀ, ਕਾਊਂਟੀ ਸੁਪਰਵਾਈਜ਼ਰ ਸੂ ਫਰੋਸਟ, ਮੁਡੈਸਟੋ ਸਿਟੀ ਦੇ ਵਾਈਸ ਮੇਅਰ ਮੈਨੀ ਗਰੇਵਾਲ, ਸੀ.ਐੱਸ.ਡੀ. ਦੇ ਡਾਇਰੈਕਟਰ ਰਾਡ ਬਰਿਊਅਰ, ਸਕੂਲ ਡਿਸਟ੍ਰਿਕ ਬੋਰਡ ਤੇ ਬੌਬੀ ਸਿੰਘ ਐਲਨ ਤੋਂ ਇਲਾਵਾ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਡਾ. ਅਸ਼ੋਕ ਸ਼ੰਕਰ, ਸਕਾਟ ਮੈਤਸੂਮੋਟੋ ਅਤੇ ਜੈਸਿਕਾ ਕਾਰਟਰ ਅਤੇ ਅਮਰੀਕਾ ਦੇ ਉੱਘੇ ਅਟਾਰਨੀ ਸ: ਜਸਪ੍ਰੀਤ ਸਿੰਘ ਸ੍ਰੀ ਬੂਟਾ ਬਾਸੀ ਵੀ ਹਾਜ਼ਰ ਸਨ। 

PunjabKesari

ਇਸ ਤੋਂ ਇਲਾਵਾ ਪਾਕਿਸਤਾਨ ਤੋਂ ਸੱਤਾਧਾਰੀ ਪਾਰਟੀ ਦੇ ਆਗੂ ਫਾਰੂਖ ਅਰਸ਼ਦ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ। ਬੱਗਾ ਜਿਊਲਰਜ਼, ਸੈਕਰਾਮੈਂਟੋ ਵੱਲੋਂ ਸੋਨੇ ਅਤੇ ਹੀਰੇ ਦੇ ਗਹਿਣੇ ਰੈਫਰਲ ਇਨਾਮ ਵਜੋਂ ਦਿੱਤੇ ਗਏ।


Vandana

Content Editor

Related News