ਬਲੋਚ, ਸਿੰਧੀ ਤੇ ਪਖਤੂਨ ਸਮੂਹਾਂ ਨੂੰ ਆਜ਼ਾਦੀ ਲਈ ਮੋਦੀ ਅਤੇ ਟਰੰਪ ਤੋਂ ਮਦਦ ਦੀ ਆਸ

Sunday, Sep 22, 2019 - 11:45 AM (IST)

ਬਲੋਚ, ਸਿੰਧੀ ਤੇ ਪਖਤੂਨ ਸਮੂਹਾਂ ਨੂੰ ਆਜ਼ਾਦੀ ਲਈ ਮੋਦੀ ਅਤੇ ਟਰੰਪ ਤੋਂ ਮਦਦ ਦੀ ਆਸ

ਵਾਸ਼ਿੰਗਟਨ (ਭਾਸ਼ਾ)— ਸਿੰਧੀ, ਬਲੋਚ ਅਤੇ ਪਖਤੂਨ ਸਮੂਹ ਦੇ ਪ੍ਰਤੀਨਿਧੀ ਅਮਰੀਕਾ ਦੇ ਹਿਊਸਟਨ ਸਥਿਤ ਐੱਨ.ਆਰ.ਜੀ. ਸਟੇਡੀਅਮ ਦੇ ਸਾਹਮਣੇ ਐਤਵਾਰ ਨੂੰ ਇਕੱਠੇ ਪ੍ਰਦਰਸ਼ਨ ਕਰਨਗੇ। ਪ੍ਰਦਰਸ਼ਨ ਦੌਰਾਨ ਉਹ ਪਾਕਿਸਤਾਨ ਤੋਂ ਆਜ਼ਾਦੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਆਕਰਸ਼ਿਤ ਕਰਨਗੇ। ਪੂਰੇ ਅਮਰੀਕਾ ਤੋਂ ਬਲੋਚ, ਅਮਰੀਕੀ, ਸਿੰਧੀ ਅਮਰੀਕੀ ਅਤੇ ਪਖਤੂਨ ਅਮਰੀਕੀ ਭਾਈਚਾਰੇ ਦੇ ਲੋਕ ਸ਼ਨੀਵਾਰ ਨੂੰ ਇੱਥੇ ਪਹੁੰਚੇ ਹਨ। 

ਅਮਰੀਕਾ ਵਿਚ ਆਪਣੀ ਤਰ੍ਹਾਂ ਦੇ ਇਸ ਪਹਿਲੇ ਪ੍ਰਦਰਸ਼ਨ ਵਿਚ ਤਿੰਨੇ ਭਾਈਚਾਰੇ ਦੇ ਲੋਕ ਇਕੱਠੇ ਪਾਕਿਸਤਾਨ ਤੋਂ ਆਜ਼ਾਦੀ ਲਈ ਭਾਰਤ ਅਤੇ ਅਮਰੀਕਾ ਦੇ ਨੇਤਾਵਾਂ ਨੂੰ ਮਦਦ ਦੀ ਅਪੀਲ ਕਰਨਗੇ। ਸਮੂਹ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ 'ਤੇ ਘਾਣ ਕਰ ਰਹੀ ਹੈ। ਅਮਰੀਕਾ ਵਿਚ ਬਲੋਚ ਨੈਸ਼ਨਲ ਮੂਵਮੈਂਟ ਦੇ ਪ੍ਰਤੀਨਿਧੀ ਨਬੀ ਬਖਸ਼ ਬਲੋਚ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ,''ਅਸੀਂ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਾਂ। ਭਾਰਤ ਅਤੇ ਪਾਕਿਸਤਾਨ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ, ਠੀਕ ਉਂਝ ਹੀ ਜਿਵੇਂ 1971 ਵਿਚ ਭਾਰਤ ਨੇ ਬੰਗਲਾਦੇਸ਼ ਦੇ ਲੋਕਾਂ ਦੀ ਮਦਦ ਕੀਤੀ ਸੀ।'' 

ਉਨ੍ਹਾਂ ਨੇ ਕਿਹਾ,''ਅਸੀਂ ਇੱਥੇ ਪੀ.ਐੱਮ. ਮੋਦੀ ਅਤੇ ਟਰੰਪ ਨੂੰ ਆਪਣੇ ਉਦੇਸ਼ਾਂ ਲਈ ਸਮਰਥਨ ਦੀ ਅਪੀਲ ਕਰਨ ਲਈ ਆਏ ਹਾਂ। ਪਾਕਿਸਤਾਨ ਸਰਕਾਰ ਵੱਡੇ ਪੱਧਰ 'ਤੇ ਬਲੋਚ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ।'' 100 ਤੋਂ ਵੱਧ ਅਮਰੀਕੀ ਸਿੰਧੀ ਸ਼ਨੀਵਾਰ ਨੂੰ ਇੱਥੇ ਪਹੁੰਚੇ। ਉਹ ਐੱਨ.ਆਰ.ਜੀ. ਸਟੇਡੀਅਮ ਦੇ ਸਾਹਮਣੇ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਐਤਵਾਰ ਨੂੰ ਮੋਦੀ ਦਾ ਹਾਊਡੀ ਮੋਦੀ ਪ੍ਰੋਗਰਾਮ ਹੋਣਾ ਹੈ। ਉਨ੍ਹਾਂ ਨੂੰ ਆਸ ਹੈ ਕਿ ਆਜ਼ਾਦੀ ਦੀ ਮੰਗ ਕਰਨ ਵਾਲੇ ਪੋਸਟਰ-ਬੈਨਰ 'ਤੇ ਮੋਦੀ ਅਤੇ ਟਰੰਪ ਦਾ ਧਿਆਨ ਜ਼ਰੂਰ ਜਾਵੇਗਾ। ਜੀਏ ਸਿੰਧ ਮੁਤਾਹਿਦਾ ਮੁਹਾਜ਼ ਦੇ ਜ਼ਫਰ ਸਹਿਤੋ ਨੇ ਕਿਹਾ,''ਇਹ ਸਭ ਤੋਂ ਵੱਡੇ ਅਤੇ ਪੁਰਾਣੇ ਲੋਕਤੰਤਰਾਂ ਤੇ ਸੁਤੰਤਰ ਵਿਸ਼ਵ ਦੇ ਨੇਤਾਵਾਂ ਦੀ ਇਤਿਹਾਸਿਕ ਰੈਲੀ ਹੈ। ਅਸੀਂ ਸਿੰਧ ਦੇ ਲੋਕ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਾਂ।''


author

Vandana

Content Editor

Related News